ਖੰਨਾ ਪੁਲੀਸ ਵੱਲੋਂ 4 ਕਿਲੋ ਹੈਰੋਇਨ ਬਰਾਮਦ; ਔਰਤ ਸਣੇ ਦੋ ਗ੍ਰਿਫ਼ਤਾਰ

15

November

2018

ਖੰਨਾ, ਖੰਨਾ ਪੁਲੀਸ ਨੇ 4 ਕਿਲੋ ਹੈਰੋਇਨ ਸਮੇਤ ਇਕ ਔਰਤ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 20 ਕਰੋੜ ਰੁਪਏ ਤੋਂ ਵੱਧ ਹੈ। ਅੱਜ ਇੱਥੇ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਧਰੁਵ ਦਾਹੀਆ ਨੇ ਦੱਸਿਆ ਕਿ ਇੰਸਪੈਕਟਰ ਮਨਜੀਤ ਸਿੰਘ, ਇੰਸਪੈਕਟਰ ਰਜਨੀਸ਼ ਕੁਮਾਰ ਤੇ ਸੁਖਵੀਰ ਸਿੰਘ ਦੀ ਪੁਲੀਸ ਪਾਰਟੀ ਪ੍ਰਿਸਟਾਈਨ ਮਾਲ ਨੇੜੇ ਨਾਕੇ ਦੌਰਾਨ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਕਿ ਗੋਬਿੰਦਗੜ੍ਹ ਵੱਲੋਂ ਆ ਰਹੀ ਇਕ ਕਾਰ ਪੁਲੀਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੀ, ਜਿਸ ਨੂੰ ਪੁਲੀਸ ਰੋਕ ਲਿਆ ਤੇ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਕਾਰ ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ ਜੂਸ ਦੇ ਡੱਬਿਆਂ ਅਤੇ ਬਿਸਕੁਟਾਂ ਵਾਲੇ ਡੱਬਿਆਂ ’ਚੋਂ ਚਾਰ ਕਿਲੋ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਕਾਰ ਸਵਾਰ ਅਨੰਦ ਕੁਮਾਰ ਵਾਸੀ ਨੈਸ਼ਨਲ ਪਾਰਕ ਮਕਸੂਦਾਂ (ਜਲੰਧਰ) ਅਤੇ ਸ਼ਿਵਾਂਗੀ ਵਾਸੀ ਰਾਏਥਰ ਐਜਵਾਲ, ਮਿਜ਼ੋਰਮ, ਹਾਲ ਵਾਸੀ ਦਿੱਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ੍ਰੀ ਦਾਹੀਆ ਅਨੁਸਾਰ ਮੁਲਜ਼ਮਾਂ ਨੇ ਦੱਸਿਆ ਕਿ ਉਹ ਇਹ ਹੈਰੋਇਨ ਮਾਈਕ ਵਾਸੀ ਦਿੱਲੀ ਤੋਂ ਲੈ ਕੇ ਆਏ ਸਨ ਤੇ ਅੱਗੇ ਗੁਰਭੈਅ ਸਿੰਘ ਵਾਸੀ ਸੀਚਾ ਥਾਣਾ ਸੁਲਤਾਨਪੁਰ ਲੋਧੀ ਅਤੇ ਕਾਲਾ ਵਾਸੀ ਤੋਤੀਆਂ ਨੂੰ ਦੇਣੀ ਸੀ। ਉਨ੍ਹਾਂ ਦੱਸਿਆ ਕਿ ਸ਼ਿਵਾਂਗੀ ਪਿਛਲੇ ਸਮਿਆਂ ਦੌਰਾਨ ਕਰੀਬ 9 ਵਾਰ ਉਕਤ ਵਿਅਕਤੀਆਂ ਨੂੰ ਹੈਰੋਇਨ ਸਪਲਾਈ ਕਰ ਚੁੱਕੀ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।