ਸੁਖਬੀਰ ਦਾ ਸਿਆਸੀ ਦ੍ਰਿਸ਼ ਤੋਂ ਲਾਂਭੇ ਹੋਣਾ ਤੈਅ: ਜਾਖੜ

15

November

2018

ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਗੋਬਿੰਦ ਸਿੰਘ ਲੌਂਗੋਵਾਲ ਬਾਦਲ ਪਰਿਵਾਰ ਦੇ ਲਿਫਾਫੇ ਵਿਚ ਨਿਕਲਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਖ਼ਰੀ ਪ੍ਰਧਾਨ ਹਨ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਲੋਕ ਜਾਗਰੂਕ ਹੋ ਰਹੇ ਹਨ ਤੇ ਟਕਸਾਲੀ ਆਗੂਆਂ ਨੇ ਆਵਾਜ਼ ਬੁਲੰਦ ਕੀਤੀ ਹੈ, ਭਵਿੱਖ ਵਿਚ ਲੋਕਾਂ ਦੀ ਪਸੰਦ ਦੇ ਆਗੂ ਹੀ ਐੱਸਜੀਪੀਸੀ ਦੇ ਪ੍ਰਧਾਨ ਬਣਿਆ ਕਰਨਗੇ। ਉਨ੍ਹਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਪੰਥ ਵਿਰੋਧੀ ਬੱਜਰ ਗ਼ਲਤੀਆਂ ਕਾਰਨ ਉਨ੍ਹਾਂ ਦਾ ਸਿਆਸੀ ਦ੍ਰਿਸ਼ ਤੋਂ ਲਾਂਭੇ ਹੋਣਾ ਯਕੀਨੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸੁਖਬੀਰ ਸਿੰਘ ਬਾਦਲ ਨੇ ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਵਾ ਕੇ ਜਿੱਥੇ ਆਪਣੀ ਡੇਰਾ ਮੁਖੀ ਨਾਲ ਪੁਰਾਣੀ ਸਾਂਝ ਦਾ ਸਬੂਤ ਦਿੱਤਾ ਹੈ, ਉਥੇ ਉਸ ਨੇ ਇਕ ਵਾਰ ਫਿਰ ਪੰਥ ਨਾਲ ਕਥਿਤ ਧੋਖਾ ਕੀਤਾ ਹੈ, ਕਿਉਂਕਿ ਲੌਂਗੋਵਾਲ ਡੇਰੇ ਜਾਣ ਕਰਕੇ ਪਹਿਲਾਂ ਹੀ ਤਨਖਾਈਏ ਕਰਾਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਸਰਕਾਰ ਸਮੇਂ ਪੰਥ ਨਾਲ ਕੀਤੀਆਂ ਬੱਜਰ ਗਲਤੀਆਂ ਲਈ ਨਾ ਕੇਵਲ ਮੁਆਫ਼ੀ ਮੰਗਣੀ ਪਵੇਗੀ ਸਗੋਂ ਕਾਨੂੰਨੀ ਚਾਰਾਜੋਈ ਦਾ ਸਾਹਮਣਾ ਵੀ ਕਰਨਾ ਪਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੀ ਮਜਬੂਤੀ ਲਈ ਆਪਣਾ ਪੂਰਾ ਜੀਵਨ ਨਿਛਾਵਰ ਕਰਨ ਵਾਲੇ ਸੀਨੀਅਰ ਆਗੂਆਂ ਨੇ ਪਾਰਟੀ ਦੇ ਵੱਕਾਰ ਨੂੰ ਬਚਾਉਣ ਲਈ ਜਿਸ ਤਰ੍ਹਾਂ ਮੋਰਚਾ ਸੰਭਾਲਿਆ ਹੈ, ਉਸ ਨਾਲ ਬਾਦਲ ਪਰਿਵਾਰ ਦਾ ਪਾਰਟੀ ’ਤੇ ਕੰਟਰੋਲ ਡਗਮਗਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿਚ ਆ ਰਹੀ ਜਾਗਰੂਕਤਾ ਬਾਦਲ ਪਰਿਵਾਰ ਨੂੰ ਕੂੜ ਪ੍ਰਚਾਰ ਦੇ ਸਹਾਰੇ ਅਹੁਦਿਆਂ ’ਤੇ ਟਿਕਣ ਨਹੀਂ ਦੇਵੇਗੀ।