Arash Info Corporation

ਚੰਡੀਗੜ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮਹਿਲਾ ਪੁਲੀਸ ਅਧਿਕਾਰੀਆਂ ਦੇ ਹੱਥ

15

November

2018

ਚੰਡੀਗੜ੍ਹ, ਚੰਡੀਗੜ੍ਹ ਸ਼ਹਿਰ ਦੀ ਸੁਰੱਖਿਆ ਦੀ ਕਮਾਂਡ ਮਹਿਲਾ ਪੁਲੀਸ ਅਧਿਕਾਰੀਆਂ ਦੇ ਹੱਥ ਵਿੱਚ ਆ ਗਈ ਹੈ। ਪੁਲੀਸ ਦੇ ਕਈ ਅਹਿਮ ਵਿੰਗਾਂ ਵਿੱਚ ਮਹਿਲਾ ਪੁਲੀਸ ਅਧਿਕਾਰੀ ਤਾਇਨਾਤ ਕੀਤੀਆਂ ਗਈਆਂ ਹਨ ਜੋ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਹੀਆਂ ਹਨ। ਦੱਸਣਯੋਗ ਹੈ ਕਿ ਸਮੁੱਚੇ ਸ਼ਹਿਰ ਦੀ ਅਮਨ ਤੇ ਕਾਨੂੰਨ ਆਦਿ ਦੀ ਸਮੱਚੀ ਨਿਗਰਾਨੀ ਜਿੱਥੇ ਪੰਜਾਬ ਕੇਡਰ ਦੀ ਆਈਪੀਐੱਸ ਮਹਿਲਾ ਅਧਿਕਾਰੀ ਨੀਲਾਂਬਰੀ ਵਿਜੈ ਜਗਦਲੇ ਕਰ ਰਹੇ ਹਨ ਉੱਥੇ ਹੀ ਤਿੰਨ ਪੁਲੀਸ ਸਬ ਡਿਵੀਜਨਾਂ ਵਿੱਚੋਂ ਦੋ ਦੀ ਕਮਾਂਡ ਵੀ ਮਹਿਲਾ ਡੀਐੱਸਪੀਜ਼ ਦੇ ਹੱਥ ਹੈ। ਇਸ ਤੋਂ ਇਲਾਵਾ ਚਾਰ ਥਾਣਿਆਂ ਅਤੇ ਦੋ ਪੁਲੀਸ ਚੌਕੀਆਂ ਦੀ ਜ਼ਿੰਮੇਵਾਰੀ ਵੀ ਮਹਿਲਾ ਪੁਲੀਸ ਅਧਿਕਾਰੀ ਨਿਭਾਅ ਰਹੀਆਂ ਹਨ। ਇਸੇ ਤਰ੍ਹਾਂ ਵਿਜੀਲੈਂਸ, ਸਾਈਬਰ ਕਰਾਈਮ ਸੈੱਲ, ਪੁਲੀਸ ਕੰਟਰੋਲ ਰੂਮ, ਮਹਿਲਾ ਸੈੱਲ ਅਤੇ ਟਰੈਫਿਕ ਵਿੰਗ ਦੀਆਂ ਜ਼ਿੰਮੇਵਾਰੀਆਂ ਵੀ ਮਹਿਲਾ ਪੁਲੀਸ ਅਧਿਕਾਰੀ ਹੀ ਨਿਭਾਅ ਰਹੀਆਂ ਹਨ। ਐੱਸਐੱਸਪੀ ਨੀਲਾਂਬਰੀ ਜਗਦਲੇ ਜਿੱਥੇ ਹਰੇਕ ਤਰ੍ਹਾਂ ਦੇ ਅਪਰਾਧਾਂ ਨਾਲ ਨਜਿੱਠ ਰਹੇ ਹਨ ਉੱਥੇ ਹੀ ਉਹ ਇਸ ਵੀਵੀਆਈਪੀਜ਼ ਵਾਲੇ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ। ਖੁਫੀਆ ਵਿੰਗ ਦੀ ਜਿੰਮੇਵਾਰੀ ਵੀ ਇਸੇ ਮਹਿਲਾ ਅਧਿਕਾਰੀ ਕੋਲ ਹੈ। ਚੰਡੀਗੜ੍ਹ ਪੁਲੀਸ ਦੀਆਂ ਤਿੰਨ ਪੁਲੀਸ ਸਬ ਡਿਵੀਜ਼ਨਾਂ ਹਨ ਜਿਨ੍ਹਾਂ ਵਿੱਚੋਂ ਦੋ ਦੀ ਕਮਾਂਡ ਮਹਿਲਾ ਪੁਲੀਸ ਅਧਿਕਾਰੀ ਕਰ ਰਹੀਆਂ ਹਨ। ਪੂਰਬ ਸਬ ਡਿਵੀਜ਼ਨ ਦੀ ਅਗਵਾਈ ਚੰਡੀਗੜ੍ਹ ਪੁਲੀਸ ਕੇਡਰ ਦੀ ਡੀਐੱਸਪੀ ਹਰਜੀਤ ਕੌਰ ਅਤੇ ਦੱਖਣ ਸਬ ਡਿਵੀਜ਼ਨ ਦੀ ਕਮਾਂਡ ਆਈਪੀਐੱਸ ਅਧਿਕਾਰੀ ਨਿਹਾਰਿਕਾ ਭੱਟ ਦੇ ਹੱਥ ਵਿੱਚ ਹੈ ਜਿਸ ਤਹਿਤ ਡੀਐੱਸਪੀ ਹਰਜੀਤ ਕੌਰ ਅਧੀਨ ਚਾਰ ਪੁਲੀਸ ਥਾਣੇ ਮਨੀਮਾਜਰਾ, ਸੈਕਟਰ-19, ਸੈਕਟਰ-26 ਅਤੇ ਥਾਣਾ ਇੰਡਸਟਰੀਅਲ ਏਰੀਆ ਆਉਂਦੇ ਹਨ। ਉੱਧਰ, ਡੀਐੱਸਪੀ ਨਿਹਾਰਿਕਾ ਭੱਟ ਕੋਲ ਸੈਕਟਰ-31, ਸੈਕਟਰ-34, ਸੈਕਟਰ-36, ਸੈਕਟਰ-39 ਅਤੇ ਮਲੋਆ ਥਾਣਿਆਂ ਦੀ ਕਮਾਂਡ ਹੈ। ਏਐਸਪੀ ਨਿਹਾਰਿਕਾ ਭੱਟ ਚਾਰ ਥਾਣਿਆਂ ਦੀ ਜ਼ਿੰਮੇਵਾਰੀ ਵੀ ਮਹਿਲਾ ਇੰਸਪੈਕਟਰ ਸੰਭਾਲ ਰਹੀਆਂ ਹਨ। ਇਨ੍ਹਾਂ ਵਿੱਚ ਇੰਸਪੈਕਟਰ ਪੂਨਮ ਦਿਲਾਵਰੀ ਸੈਕਟਰ-26, ਜਸਵਿੰਦਰ ਕੌਰ ਸੈਕਟਰ-49, ਗੁਰਜੀਤ ਕੌਰ ਸੈਕਟਰ-31 ਅਤੇ ਰੀਨਾ ਯਾਦਵ ਮਹਿਲਾ ਥਾਣਿਆਂ ਦੀਆਂ ਮੁਖੀ ਹਨ। ਇਸ ਤੋਂ ਇਲਾਵਾ ਸੈਕਟਰ-17 ਨੀਲਮ ਪੁਲੀਸ ਚੌਕੀ ਦੀ ਇੰਚਾਰਜ ਸਰਿਤਾ ਰਾਏ ਅਤੇ ਪੀਜੀਆਈ ਪੁਲੀਸ ਚੌਕੀ ਦੀ ਇੰਚਾਰਜ ਇਰਮ ਰਜ਼ਵੀ ਹਨ। ਸਾਈਬਰ ਕਰਾਈਮ ਸੈੱਲ ਦੀ ਅਗਵਾਈ ਦਾਨਿਪਸ ਕੇਡਰ ਦੀ ਡੀਐੱਸਪੀ ਰਸ਼ਮੀ ਯਾਦਵ ਕਰ ਰਹੇ ਹਨ। ਵਿਮੇਨ ਸੈੱਲ ਦੀ ਅਗਵਾਈ ਵੀ ਦਾਨਿਪਸ ਕੇਡਰ ਦੀ ਮਹਿਲਾ ਅਧਿਕਾਰੀ ਡੀਐੱਸਪੀ ਐਜਿੰਥਾ ਚੈਪਾਲਿਆ ਕਰ ਰਹੀ ਹਨ। ਇਸ ਤੋਂ ਇਲਾਵਾ ਵਿਜੀਲੈਂਸ ਵਿੰਗ ਦੀ ਇੰਸਪੈਕਟਰ ਵੀ ਮਹਿਲਾ ਅਧਿਕਾਰੀ ਆਸ਼ਾ, ਪੀਸੀਆਰ ਵਿੰਗ ਦੀ ਇੰਸਪੈਕਟਰ ਮਹਿਲਾ ਅਧਿਕਾਰੀ ਕੁਲਦੀਪ ਕੌਰ ਹੈ ਅਤੇ ਟਰੈਫਿਕ ਵਿੰਗ ਦੀ ਇੰਸਪੈਕਟਰ (ਪ੍ਰਸ਼ਾਸਨ) ਵੀ ਮਹਿਲਾ ਅਧਿਕਾਰੀ ਸੀਤਾ ਦੇਵੀ ਹੈ। ਟਰੈਫਿਕ ਦੇ ਦੱਖਣ ਅਤੇ ਪੂਰਬੀ ਖੇਤਰ ਦੀ ਇੰਚਾਰਜ ਵੀ ਮਹਿਲਾ ਇੰਸਪੈਕਟਰ ਪਰਮਜੀਤ ਕੌਰ ਸੇਖੋਂ ਹਨ। ਇਸ ਤੋਂ ਇਲਾਵਾ ਕਈ ਹੋਰ ਮਹਿਲਾ ਪੁਲੀਸ ਅਧਿਕਾਰੀ ਵੀ ਅਹਿਮ ਜ਼ਿੰਮੇਵਾਰੀਆਂ ਨਿਭਾਅ ਰਹੀਆਂ ਹਨ।