ਇੰਦਰ ਵੀ ਨਾ ਕਰ ਸਕਿਆ ਦਿੱਲੀ ਦੀ ਹਵਾ ‘ਸਵੱਛ’

14

November

2018

ਨਵੀਂ ਦਿੱਲੀ, ਦਿੱਲੀ ਵਿੱਚ ਸ਼ਾਮ ਵੇਲੇ ਹਲਕਾ ਮੀਂਹ ਪੈਣ ਦੇ ਬਾਵਜੂਦ ਰਾਜਧਾਨੀ ਦੇ ਪ੍ਰਦੂਸ਼ਣ ਦਾ ਸੂਚਕ ਅੰਕ 411 ਰਿਹਾ ਕਿਉਂਕ ਹਲਕੇ ਮੀਂਹ ਨਾਲ ਹਵਾ ਭਾਰੀ ਹੋ ਗਈ ਜਿਸ ਨਾਲ ਪ੍ਰਦੂਸ਼ਣ ਦਾ ਅੰਕੜਾ ਵਧ ਕੇ ਗੰਭੀਰ ਹੋ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਏਕਿਊਆਈ 411 ਮਾਪਿਆ ਗਿਆ ਤੇ ਪੀਐੱਮ 2.5 ਦਾ ਪੱਧਰ 278 ਰਿਹਾ ਤੇ ਪੀਐੱਮ 10 ਦਾ ਪੱਧਰ 477 ਰਿਹਾ। ਜਾਣਕਾਰੀ ਮੁਤਾਬਕ 21 ਥਾਵਾਂ ਉਪਰ ਪ੍ਰਦੂਸ਼ਣ ਦੀ ਹਾਲਤ ਗੰਭੀਰ ਸੀ ਤੇ 12 ਥਾਵਾਂ ਉਪਰ ਬਹੁਤ ਖਰਾਬ ਸੀ। ਐੱਨਸੀਆਰ ਦੇ ਸ਼ਹਿਰ ਫਰੀਦਾਬਾਦ, ਗਾਜ਼ੀਆਬਾਦ, ਨੋਇਡਾ ਤੇ ਗੁਰੂਗ੍ਰਾਮ ਵਿਚ ਵੀ ਪ੍ਰਦੂਸ਼ਣ ਦੀ ਹਾਲਤ ਗੰਭੀਰ ਬਣੀ ਰਹੀ। ‘ਈਪੀਸੀਏ’ ਵੱਲੋਂ ਦਿੱਲੀ ਵਿੱਚ ਭਾਰੀ ਟਰੱਕਾਂ ਜਾਂ ਗੱਡੀਆਂ ਦੇ ਦਾਖ਼ਲੇ ਉਪਰ ਲਾਈ ਰੋਕ ਅੱਜ ਹਟਾ ਲਈ ਗਈ ਪਰ ਪਹਿਲਾਂ ਦੇ ਨਿਯਮਾਂ ਅਨੁਸਾਰ 11 ਵਜੇ ਤੋਂ ਸਵੇਰੇ ਦੇ 6 ਵਜੇ ਦੀ ਹੱਦ ਵਿੱਚ ਪਹਿਲਾਂ ਵਾਂਗ ਹੀ ਟਰੱਕ ਤੇ ਹੋਰ ਗੱਡੀਆਂ ਚੱਲ ਸਕਣਗੀਆਂ।’ ਈਪੀਸੀਏ’ ਨੇ 12 ਨਵੰਬਰ ਦੀ ਰਾਤ 11 ਵਜੇ ਤਕ ਭਾਰੀ ਗੱਡੀਆਂ ਦਾ ਦਿੱਲੀ ਵਿੱਚ ਦਾਖ਼ਲਾ ਬੰਦ ਕਰ ਦਿੱਤਾ ਗਿਆ ਸੀ। 2200 ਤੋਂ ਵੱਧ ਗੱਡੀਆਂ ਵਾਪਸ ਭੇਜੀਆਂ ਗਈਆਂ ਸਨ ਤੇ 3900 ਤੋਂ ਵਧ ਗੱਡੀਆਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਦਿੱਤਾ ਗਿਆ ਸੀ ਜੋ ਨਾਗਰਿਕਾਂ ਲਈ ਲੋੜੀਂਦਾ ਸਾਮਾਨ ਲੈ ਕੇ ਆਈਆਂ ਸਨ। ਐੱਨਜੀਟੀ ਨੇ ਦਿੱਲੀ ਦੇ ਬੈਂਕੁਇਟ ਹਾਲਾਂ, ਹੋਟਲਾਂ ਤੇ ਫਾਰਮ ਹਾਊਸਾਂ ਵਿੱਚ ਪ੍ਰਦੂਸ਼ਣ ਦੇ ਨਿਯਮਾਂ ਦੀ ਅਣਦੇਖੀ ਕਰਨ ਦੀ ਜਾਂਚ ਕਰਨ ਲਈ ਕਮੇਟੀ ਬਣਾਈ ਹੈ। ਟ੍ਰਿਬਿਊਨਲ ਦੇ ਚੇਅਰਪਰਸਨ ਆਦਰਸ਼ ਕੁਮਾਰ ਗੋਇਲ ਨੇ ਕਿਹਾ ਕਿ ਬਰਾਤ ਘਰ ਜਾਂ ਹੋਰ ਸਮਾਗਮ ਵਾਲੀਆਂ ਥਾਵਾਂ ਵਿਖੇ ਪ੍ਰਦੂਸ਼ਣ ਦੇ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਇਸ ਕਮੇਟੀ ਵਿੱਚ ਕੇਂਦਰੀ ਜ਼ਮੀਨਦੋਜ਼ ਜਲ ਅਥਾਰਟੀ, ਦਿੱਲੀ ਜਲ ਬੋਰਡ, ਦਿੱਲੀ ਪੁਲੀਸ ਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਨੁਮਾਇੰਦੇ ਸ਼ਾਮਲ ਕੀਤੇ ਗਏ ਹਨ। ਇਹ ਕਮੇਟੀ ਮਹੀਨੇ ‘ਵਿੱਚ ਦੋ ਵਾਰ ਬੈਠਕਾਂ ਕਰੇਗੀ ਤੇ ਸੀਵਰੇਜ, ਜ਼ਮੀਨਦੋਜ਼ ਪਾਣੀ ਦਾ ਦੋਹਨ, ਮੀਂਹ ਦੇ ਪਾਣੀ ਦੀ ਸਾਂਭ, ਨਿਗਮਾਂ ਦੇ ਕੂੜੇ-ਕਰਕਟ ਦਾ ਪ੍ਰਬੰਧਨ ਤੇ ਜ਼ਮੀਨਦੋਜ਼ ਪਾਣੀ ਨੂੰ ਮੁੜ ਚਾਰਜ ਕਰਨ ਬਾਰੇ ਕਾਰਵਾਈ ਯੋਜਨਾ ਉਲੀਕੇਗੀ। ਨਾਲ ਹੀ ਜਾਮ ਨਾਲ ਹੁੰਦੇ ਪ੍ਰਦੂਸ਼ਣ ਤੇ ਡੀਜ਼ਲ ਵਾਲੇ ਜਨਰੇਟਰਾਂ ਤੋਂ ਪੈਦਾ ਸ਼ੋਰ ਪ੍ਰਦੂਸ਼ਣ ਬਾਰੇ ਵੀ ਰਿਪੋਰਟ ਦੇਵੇਗੀ।