ਸ਼ੇਰ-ਏ-ਪੰਜਾਬ ਦੇ ਬੁੱਤ ਦਾ ਮਾਮਲਾ ਜਲਦੀ ਹੱਲ ਹੋਵੇਗਾ: ਸਿੰਗਲਾ

14

November

2018

ਸੰਗਰੂਰ, 13 ਨਵੰਬਰ ਭਾਵੇਂ ਸਿੱਖ ਕੌਮ ਦੇ ਹਿਤੈਸ਼ੀ ਹੋਣ ਦਾ ਭਰਮ ਪਾਲਣ ਵਾਲਿਆਂ ਨੇ ਸਿੱਖ ਕੌਮ ਦੇ ਮਹਾਨ ਯੋਧੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿਹਾੜੇ ਮੌਕੇ ਮਨੋਂ ਵਿਸਾਰ ਦਿੱਤਾ ਅਤੇ ਪੰਜਾਬ ਸਰਕਾਰ ਵੱਲੋਂ ਵੀ ਇਸ਼ਤਿਹਾਰੀ ਪ੍ਰਕਿਰਿਆ ਜ਼ਰੀਏ ਯਾਦ ਕਰਕੇ ਡੰਗ ਜਿਹਾ ਸਾਰ ਦਿੱਤਾ ਪਰ ਆਪਣੇ ਪਿੰਡ ਬਡਰੁੱਖਾਂ ਦੀ ਧੀ ਮਾਤਾ ਰਾਜ ਕੌਰ ਦੀ ਕੁੱਖੋਂ ਪੈਦਾ ਹੋਏ ਮਹਾਨ ਜਰਨੈਲ ਨੂੰ ਪਿੰਡ ਵਾਲਿਆਂ ਨੇ ਦਿਲ ’ਚ ਵਸਾ ਕੇ ਰੱਖਿਆ ਹੈ। ਇਹੋ ਕਾਰਨ ਹੈ ਕਿ ਸ਼ੇਰ-ਏ-ਪੰਜਾਬ ਦਾ ਬੁੱਤ ਅਜੇ ਵੀ ਸਰਕਾਰੀ ਲਾਰਿਆਂ ਦੀ ਭੇਟ ਚੜ੍ਹਿਆ ਹੋਇਆ ਹੈ ਜਦੋਂ ਕਿ ਪਿੰਡ ਵਾਲਿਆਂ ਦੇ ਯਤਨਾਂ ਸਦਕਾ ਗੁਰਦੁਆਰਾ ਯਾਦਗਾਰ ਮਹਾਰਾਜਾ ਰਣਜੀਤ ਸਿੰਘ ਵਿੱਚ ਸ਼ੇਰ-ਏ-ਪੰਜਾਬ ਸਮੇਤ ਚਾਰ ਜਰਨੈਲਾਂ ਦੇ ਘੋੜੇ ’ਤੇ ਸਵਾਰ ਬੁੱਤ ਕਈ ਸਾਲ ਪਹਿਲਾਂ ਸਥਾਪਤ ਹੋ ਚੁੱਕੇ ਹਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ’ਤੇ ਨਾਨਕਾ ਪਿੰਡ ਬਡਰੁੱਖਾਂ ਵਿੱਚ ਪਿੰਡ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਗੁਰਦੁਆਰਾ ਸਾਹਿਬ ਵਿਚ ਜਨਮ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਮੌਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਕਾਂਗਰਸ ਦੀ ਹਲਕਾ ਸੁਨਾਮ ਤੋਂ ਇੰਚਾਰਜ ਦਾਮਨ ਥਿੰਦ ਬਾਜਵਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਅਤੇ ਸੂਬਾ ਆਗੂ ਹਰਮਨ ਬਾਜਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਿੰਗਲਾ ਨੇ ਗੁਰਦੁਆਰਾ ਸਾਹਿਬ ’ਚ ਸਥਾਪਤ ਚਾਰ ਜਰਨੈਲਾਂ ਦੇ ਬੁੱਤਾਂ ਨੂੰ ਵੀ ਗਹੁ ਨਾਲ ਵੇਖਿਆ। ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸ੍ਰੀ ਸਿੰਗਲਾ ਅੱਗੇ ਮੰਗ ਰੱਖੀ ਕਿ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਹਰ ਵਰ੍ਹੇ ਸਰਕਾਰੀ ਤੌਰ ’ਤੇ ਰਾਜ ਪੱਧਰੀ ਸਮਾਗਮ ਕਰਕੇ ਮਨਾਇਆ ਜਾਵੇ, ਪਿੰਡ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਸਰਕਾਰ ਵਿਸ਼ੇਸ਼ ਗਰਾਂਟ ਦੇਵੇ, ਮਸਤੂਆਣਾ ਸਾਹਿਬ ਤੋਂ ਚੀਮਾਂ ਤੱਕ ਸੰਤ ਅਤਰ ਸਿੰਘ ਮਾਰਗ ਦੀ ਮੁਰੰਮਤ ਕਰਵਾਈ ਜਾਵੇ ਅਤੇ ਡੇਢ ਸਾਲ ਤੋਂ ਪਿੰਡ ’ਚ ਪਏ ਸ਼ੇਰ-ਏ-ਪੰਜਾਬ ਦੇ ਸਰਕਾਰੀ ਬੁੱਤ ਨੂੰ ਵਾਪਸ ਕਰਕੇ ਉਸ ਦੀ ਥਾਂ ਘੋੜੇ ’ਤੇ ਸਵਾਰ ਕਾਂਸ਼ੀ ਦਾ ਬੁੱਤ ਯਾਦਗਾਰੀ ਪਾਰਕ ਵਿਚ ਸਥਾਪਤ ਕੀਤਾ ਜਾਵੇ। ਇਸ ਮੌਕੇ ਸ੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸੱਭਿਆਚਾਰਕ ਮਾਮਲਿਆਂ ਨਾਲ ਸਬੰਧਿਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰਕੇ ਸ਼ੇਰ-ਏ-ਪੰਜਾਬ ਦੇ ਬੁੱਤ ਦਾ ਲਟਕ ਰਿਹਾ ਮਾਮਲਾ ਜਲਦ ਹੱਲ ਕਰਵਾਇਆ ਜਾਵੇਗਾ। ਜਨਮ ਦਿਹਾੜਾ ਸਰਕਾਰੀ ਤੌਰ ’ਤੇ ਮਨਾਉਣ ਸਬੰਧੀ ਮੰਗ ਵੀ ਸਰਕਾਰ ਕੋਲ ਰੱਖਣਗੇ। ਉਨ੍ਹਾਂ ਸ਼ੇਰ-ਏ-ਪੰਜਾਬ ਦਾ ਹਰ ਵਰ੍ਹੇ ਜਨਮ ਦਿਹਾੜਾ ਮਨਾਉਣ ਸਬੰਧੀ ਪਿੰਡ ਦੇ ਲੋਕਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਾਬੂ ਸਿੰਘ ਵੱਲੋਂ ਸ੍ਰੀ ਸਿੰਗਲਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਆ ਗਿਆ। ਇਸ ਤੋਂ ਪਹਿਲਾਂ ਜਿਥੇ ਭਾਈ ਅਵਤਾਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਮਸਤੂਆਣਾ ਸਾਹਿਬ ਨੇ ਕਥਾ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਉਥੇ ਪ੍ਰਸਿੱਧ ਕਵੀਸ਼ਰੀ ਜਥੇ ਮੱਖਣ ਸਿੰਘ ਮੁਸਾਫ਼ਰ ਨੇ ਮਹਾਂਬਲੀ ਯੋਧੇ ਦੀਆਂ ਵਾਰਾਂ ਪੇਸ਼ ਕਰਕੇ ਮਾਹੌਲ ਨੂੰ ਢਾਡੀ ਰੰਗ ਵਿਚ ਰੰਗਿਆ। ਰਾਤ ਸਮੇਂ ਬਾਬਾ ਹਰਬੰਸ ਸਿੰਘ ਜੈਨਪੁਰ ਵਾਲਿਆਂ ਨੇ ਸੰਗਤ ਨੂੰ ਸ਼ਬਦ ਕੀਰਤਨ ਨਾਲ ਜੋੜਿਆ। ਇਸ ਮੌਕੇ ਗੀਤਕਾਰ ਬਚਨ ਬੇਦਿਲ, ਸਰਪੰਚ ਬੀਬੀ ਹਰਬੰਸ ਕੌਰ, ਕਾਂਗਰਸੀ ਆਗੂ ਕੁਲਜੀਤ ਸਿੰਘ ਤੂਰ, ਸਾਬਕਾ ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਚੰਦ ਸਿੰਘ, ਰਣਦੀਪ ਸਿੰਘ ਮਿੰਟੂ, ਬਲਵਿੰਦਰ ਸਿੰਘ ਪੰਚ, ਹਰਪਾਲ ਸਿੰਘ ਸਾਬਕਾ ਪੰਚ, ਬਲਵੰਤ ਸਿੰਘ, ਸੁਖਵਿੰਦਰ ਸੱਤੂ, ਰਾਜਿੰਦਰ ਸਿੰਘ ਪੰਚ ਮੌਜੂਦ ਸਨ।