ਮੁਹਾਲੀ ਵਿੱਚ ਪੁਰਾਣੇ ਅੰਤਰਰਾਜੀ ਬੱਸ ਅੱਡੇ ਨੂੰ ਮੁੜ ਚਾਲੂ ਕਰਨ ਦੀ ਮੰਗ

14

November

2018

ਐਸ.ਏ.ਐਸ. ਨਗਰ (ਮੁਹਾਲੀ), ਇੱਥੋਂ ਦੇ ਫੇਜ਼-8 ਸਥਿਤ ਪੁਰਾਣੇ ਅੰਤਰਰਾਜੀ ਬੱਸ ਅੱਡੇ ਨੂੰ ਮੁੜ ਤੋਂ ਚਾਲੂ ਕਰਨ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਗਮਾਡਾ ਨੇ ਇਹ ਬੱਸ ਅੱਡਾ ਬੰਦ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਪ੍ਰਾਈਵੇਟ ਬੱਸਾਂ ਅਤੇ ਕੁਝ ਸਰਕਾਰੀ ਬੱਸਾਂ ਦੇ ਚਾਲਕ ਅੱਡੇ ਦੇ ਬਾਹਰ ਬੱਸਾਂ ਖੜ੍ਹੀਆਂ ਕਰਕੇ ਸਵਾਰੀਆਂ ਢੋਹ ਰਹੇ ਹਨ। ਇਲਾਕੇ ਦੇ ਕੌਂਸਲਰ ਸਤਵੀਰ ਸਿੰਘ ਧਨੋਆ, ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ-69 ਦੇ ਪ੍ਰਧਾਨ ਅਵਤਾਰ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ, ਮੈਂਬਰ ਮੇਜਰ ਸਿੰਘ ਅਤੇ ਸੁਰਜੀਤ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਅਤੇ ਗਮਾਡਾ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪੁਰਾਣੇ ਅੰਤਰਰਾਜੀ ਬੱਸ ਅੱਡੇ ਨੂੰ ਨਵੇਂ ਸਿਰਿਓਂ ਚਾਲੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਕੌਂਸਲਰਾਂ ਦੇ ਵਫ਼ਦ ਵੱਲੋਂ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ, ਟਰਾਂਸਪੋਰਟ ਮੰਤਰੀ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਮੁਲਾਕਾਤ ਕਰਕੇ ਸਾਂਝੇ ਤੌਰ ’ਤੇ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਸਿਟੀ ਬੱਸ ਚਾਲੂ ਨਹੀਂ ਹੋ ਜਾਂਦੀ ਉਦੋਂ ਤੱਕ ਪੁਰਾਣੇ ਅੱਡੇ ਨੂੰ ਚਲਦਾ ਰੱਖਿਆ ਜਾਵੇ। ਸ੍ਰੀ ਧਨੋਆ ਨੇ ਕਿਹਾ ਕਿ ਫੇਜ਼-6 ਵਿੱਚ ਨਵਾਂ ਏਸੀ ਬੱਸ ਸਟੈਂਡ ਫੇਜ਼-7, 8, 9, 10, 11 ਅਤੇ ਸੈਕਟਰ-66 ਤੋਂ 69 ਤੇ ਹੋਰਨਾਂ ਸੈਕਟਰਾਂ ਨੇ ਵਸਨੀਕਾਂ ਨੂੰ ਦੂਰ ਪੈਂਦਾ ਹੈ ਅਤੇ ਇੱਧਰਲੇ ਲੋਕਾਂ ਨੂੰ ਉੱਥੇ ਜਾਣ ਲਈ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ’ਚੋਂ ਨਵੇਂ ਬੱਸ ਅੱਡੇ ’ਤੇ ਜਾਣ ਲਈ ਪਹਿਲਾਂ ਆਟੋ ਕਿਰਾਏ ’ਤੇ ਲੈਣਾ ਪੈਂਦਾ ਹੈ ਜਾਂ ਆਪਣੇ ਵਾਹਨ ’ਤੇ ਜਾਣਾ ਪੈਂਦਾ ਹੈ ਜਦੋਂਕਿ ਇੱਥੇ ਲੋਕ ਆਪਣੇ ਘਰਾਂ ਤੋਂ ਪੈਦਲ ਹੀ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫੇਜ਼-8 ਵਿੱਚ ਗਮਾਡਾ, ਪੰਜਾਬ ਸਕੂਲ ਸਿੱਖਿਆ ਬੋਰਡ, ਸਿੱਖਿਆ ਸਕੱਤਰ, ਡੀਜੀਐਸਈ, ਡੀਪੀਆਈ ਦਫ਼ਤਰ, ਫੋਰਟਿਸ ਹਸਪਤਾਲ, ਇਤਿਹਾਸਕ ਗੁਰਦੁਆਰਾ ਅੰਬ ਸਾਹਿਬ, ਨੇੜੇ ਹੀ ਪੀਸੀਏ ਸਟੇਡੀਅਮ ਸਮੇਤ ਵਿਜੀਲੈਂਸ ਬਿਊਰੋ ਤੇ ਵਿਕਾਸ ਭਵਨ ਅਤੇ ਹੋਰ ਸਰਕਾਰੀ ਦਫ਼ਤਰ ਹਨ। ਜਿਨ੍ਹਾਂ ਵਿੱਚ ਪੰਜਾਬ ਭਰ ’ਚੋਂ ਰੋਜ਼ਾਨਾ ਸੈਂਕੜੇ ਲੋਕ ਆਪਣੇ ਕੰਮਾਂ ਕਾਰਾਂ ਲਈ ਆਉਂਦੇ ਹਨ। ਜ਼ਿਕਰਯੋਗ ਹੈ ਕਿ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਮੁਹਾਲੀ ਵਿੱਚ 25 ਸਾਲ ਪਹਿਲਾਂ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਇਲਾਕੇ ਦੇ ਲੋਕਾਂ ਦੀ ਸੁਵਿਧਾ ਲਈ ਇੱਥੋਂ ਦੇ ਫੇਜ਼-8 ਵਿੱਚ ਬਣਾਏ ਗਏ ਅੰਤਰਰਾਜੀ ਬੱਸ ਅੱਡੇ ਨੂੰ ਕਰੀਬ ਅੱਠ ਮਹੀਨੇ ਪਹਿਲਾਂ ਬੀਤੀ 14 ਅਪਰੈਲ ਨੂੰ ਖ਼ੁਦ ਕਾਂਗਰਸ ਦੀ ਕੈਪਟਨ ਸਰਕਾਰ ਨੇ ਆਪਣੇ ਹੱਥੀ ਢਾਹ ਦਿੱਤਾ ਸੀ।