ਕਾਰ ਦੀ ਟੱਕਰ ਨਾਲ ਦੋ ਦੋਸਤਾਂ ਦੀ ਮੌਤ

14

November

2018

ਜ਼ੀਰਕਪੁਰ, ਇੱਥੋਂ ਦੀ ਜ਼ੀਰਕਪੁਰ-ਪੰਚਕੂਲਾ ਸੜਕ ’ਤੇ ਲੰਘੀ ਦੇਰ ਰਾਤ ਇਕ ਕਾਰ ਨੇ ਅੱਗੇ ਜਾ ਰਹੇ ਬੁਲਟ ਮੋਟਰਸਾਈਕਲ ਨੂੰ ਪਿੱਛੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਬਲਟਾਣਾ ਰਹਿੰਦੇ ਆਪਣੇ ਇਕ ਦੋਸਤ ਦੇ ਵਿਆਹ ਸਮਾਗਮ ਵਿੱਚੋਂ ਜ਼ੀਰਕਪੁਰ ਵੱਲ ਆ ਰਹੇ ਸੀ। ਮ੍ਰਿਤਕਾਂ ਦੀ ਪਛਾਣ 29 ਸਾਲਾ ਬਹਾਦਰ ਸਿੰਘ ਵਾਸੀ ਪਿੰਡ ਪੰਡਵਾਲਾ (ਡੇਰਾਬੱਸੀ) ਅਤੇ 25 ਸਾਲਾ ਦੇਵ ਦੱਤ ਵਾਸੀ ਪਿੰਡ ਢੀਂਡਣ ਚੰਡੀਮੰਦਰ ਪੰਚਕੂਲਾ ਵਜੋਂ ਹੋਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੰਘੀ ਰਾਤ ਤਕਰੀਬਨ ਸਾਢੇ ਗਿਆਰਾਂ ਵਜੇ ਦੋਵੇਂ ਜਣੇ ਬਲਟਾਣਾ ਤੋਂ ਜ਼ੀਕਰਪੁਰ ਵੱਲ ਆ ਰਹੇ ਸੀ। ਉਹ ਪੰਚਕੂਲਾ ਸੜਕ ’ਤੇ ਸਥਿਤ ਸ਼ਗੁਨ ਹੋਟਲ ਦੇ ਸਾਹਮਣੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਹਰਿਆਣਾ ਨੰਬਰ ਦੀ ਕਾਰ ਦੇ ਅਣਪਛਾਤੇ ਚਾਲਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੁਲੇਟ ਮੋਟਰਸਾਈਕਲ ਸਵਾਰ ਦੋਵੇਂ ਨੌਵਜਾਨ ਵਾਹਨ ਸਮੇਤ ਹੇਠਾਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਕਾਰ ਵੀ ਪਲਟ ਗਈ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਦੋਵਾਂ ਜ਼ਖ਼ਮੀ ਨੌਜਵਾਨਾਂ ’ਚੋਂ ਇਕ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਅਤੇ ਦੂਜੇ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ’ਚ ਬੁਲਟ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਨੁਕਸਾਨੇ ਵਾਹਨਾਂ ਕਾਰਨ ਪੰਚਕੂਲਾ ਸੜਕ ਤੇ ਜ਼ੀਰਕਪੁਰ ਆਉਣ ਵਾਲੇ ਪਾਸੇ ਜਾਮ ਲੱਗ ਗਿਆ। ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਢਕੋਲੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਵਾਹਨ ਪਾਸੇ ਕਰਵਾ ਆਵਾਜਾਈ ਸ਼ੁਰੂ ਕਰਵਾਈ। ਦੋਵੇਂ ਨੌਜਵਾਨ ਮੁਬਾਰਕਪੁਰ ਰੋਡ ਸਥਿਤ ਪੀਸੀਸੀਪੀਐੱਲ ਫੈਕਟਰੀ ’ਚ ਨੌਕਰੀ ਕਰਦੇ ਸਨ ਤੇ ਲੰਘੀ ਰਾਤ ਬਲਟਾਣਾ ਇਕ ਵਿਆਹ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸੀ। ਬਹਾਦੁਰ ਸਿੰਘ ਸ਼ਾਦੀਸ਼ੁਦਾ ਸੀ ਜੋ ਆਪਣੇ ਪਿੱਛੇ ਪਤਨੀ ਤੇ ਦੋ ਲੜਕੀਆਂ ਛੱਡ ਗਿਆ ਹੈ ਜਦਕਿ ਦੂਜਾ ਮ੍ਰਿਤਕ ਦੇਵ ਦੱਤ ਹਾਲੇ ਕੁਆਰਾ ਸੀ। ਢਕੋਲੀ ਥਾਣਾ ਮੁਖੀ ਸਹਾਇਕ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਕਿਹਾ ਕਿ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਰਟਮ ਕਰਵਾਉਣ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।