ਪਟਿਆਲਾ ਵਿਚ ਰੁਜ਼ਗਾਰ ਮੇਲੇ ਦਾ ਉਦਘਾਟਨ

13

November

2018

ਪਟਿਆਲਾ, ਉਦਯੋਗਿਕ ਸਿਖਲਾਈ ਅਤੇ ਤਕਨੀਕੀ ਸਿੱਖਿਆ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਅੱਜ ਇਥੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਚ ਰੁਜ਼ਗਾਰ ਮੇਲੇ ਦਾ ਉਦਘਾਟਨ ਕੀਤਾ| ਸ੍ਰੀ ਚੰਨੀ ਨੇ ਦੱਸਿਆ ਕਿ ਅੱਜ ਸੂਬੇ ’ਚ 9 ਥਾਵਾਂ ’ਤੇ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ, ਜੋ 22 ਨਵੰਬਰ ਤੱਕ ਚੱਲਣਗੇ। ਇਸ ਤੋਂ ਬਾਅਦ ਪਟਿਆਲਾ ਵਿਚ ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲਾ ਲਾਇਆ ਜਾਵੇਗਾ, ਜਿਸ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ| ਦੱਸਣਯੋਗ ਹੈ ਕਿ ਰੁਜ਼ਗਾਰ ਮੇਲਿਆਂ ਦੇ ਮਿਸ਼ਨ ਹੇਠ ਪੰਜਾਬ ਭਰ ’ਚ 40 ਥਾਵਾਂ ’ਤੇ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਦੌਰਾਨ 82 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਤੇ ਗ਼ੈਰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ| ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਪਿਛਲੇ 6 ਮਹੀਨਿਆਂ ਦੌਰਾਨ ਸਰਕਾਰੀ ਤੇ ਗ਼ੈਰ ਸਰਕਾਰੀ ਖੇਤਰ ’ਚ ਦਿੱਤੀਆਂ ਗਈਆਂ ਨੌਕਰੀਆਂ ਤੇ ਸਵੈ ਰੁਜ਼ਗਾਰ ਲਈ ਪ੍ਰਦਾਨ ਕੀਤੇ ਗਏ ਕਰਜ਼ਿਆਂ ਦੇ ਪ੍ਰਮਾਣ ਪੱਤਰ ਲਾਭਪਾਤਰੀਆਂ ਨੂੰ ਵੰਡਣਗੇ| ਉਨ੍ਹਾਂ ਆਈਟੀਆਈ ਦਾ ਦੌਰਾ ਕਰਦਿਆਂ ਇਥੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ, ਮਾਰੂਤੀ ਸੁਜ਼ੂਕੀ ਦੇ ਸਹਿਯੋਗ ਸਦਕਾ ਤਿਆਰ ਕੀਤੀ ਆਟੋ ਬਾਡੀ ਰਿਪੇਅਰ ਅਤੇ ਆਟੋ ਬਾਡੀ ਪੇਂਟ ਵਰਕਸ਼ਾਪ ਦਾ ਵੀ ਜਾਇਜ਼ਾ ਲਿਆ| ਉਧਰ ਅੱਜ ਦੇ ਮੇਲੇ ਦੌਰਾਨ 2000 ਦੇ ਕਰੀਬ ਉਮੀਦਵਾਰਾਂ ਨੇ ਸ਼ਿਰਕਤ ਕੀਤੀ ਤੇ ਇਨ੍ਹਾਂ ਵਿੱਚੋਂ 733 ਰਜਿਸਟਰਡ ਹੋਏ, 170 ਦੇ ਕਰੀਬ ਨੌਜਵਾਨਾਂ ਤੇ ਸਿਖਿਆਰਥੀਆਂ ਦੀ ਚੋਣ ਵੱਖ-ਵੱਖ ਨਾਮੀ ਕੰਪਨੀਆਂ ਵੱਲੋਂ ਕੀਤੀ ਗਈ ਜਦੋਂਕਿ 860 ਦੇ ਕਰੀਬ ਨੇ ਇੰਟਰਵਿਊ ‘ਚ ਹਿੱਸਾ ਲਿਆ ਤੇ 52 ਸ਼ਾਰਟਲਿਸਟ ਕੀਤੇ ਗਏ| ਇਸ ਮੇਲੇ ‘ਚ ਉੱਤਰੀ ਭਾਰਤ ਦੀਆਂ ਵੱਡੀਆਂ ਕੰਪਨੀਆਂ ਉਮੀਦਵਾਰਾਂ ਦੀ ਚੋਣ ਲਈ ਪੁੱਜੀਆਂ ਹੋਈਆਂ ਹਨ| ਵਿਭਾਗ ਦੇ ਵਧੀਕ ਡਾਇਰੈਕਟਰ ਦਲਜੀਤ ਕੌਰ ਸਿੱਧੂ ਨੇ ਮੇਲੇ ਦੇ ਪ੍ਰਬੰਧਾਂ ਬਾਬਤ ਸ੍ਰੀ ਚੰਨੀ ਨੂੰ ਜਾਣਕਾਰੀ ਪ੍ਰਦਾਨ ਕੀਤੀ ਅਤੇ ਦੱਸਿਆ ਕਿ ਅੱਜ ਦੇ ਮੇਲੇ ਲਈ 29 ਕੰਪਨੀਆਂ ਵੱਲੋਂ ਕੁੱਲ 3229 ਵੈਕੰਸੀ ਪੁਜ਼ੀਸ਼ਨ ਦੱਸੀ ਗਈ ਸੀ| ਉਨ੍ਹਾਂ ਦੱਸਿਆ ਕਿ ਇਹ ਕੰਪਨੀਆਂ 12000-22000 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਇਹ ਚੋਣ ਕਰ ਰਹੀਆਂ ਹਨ| ਸੰਸਥਾ ਦੇ ਪਿ੍ੰਸੀਪਲ ਸ਼੍ਰੀ ਵੀ ਕੇ ਬਾਂਸਲ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਮੇਲੇ ਸਬੰਧੀ ਜਾਣਕਾਰੀ ਦਿੱਤੀ| ਜਾਣਕਾਰੀ ਅਨੁਸਾਰ ਰੁਜ਼ਗਾਰ ਬਰਨਾਲਾ, ਫਾਜ਼ਿਲਕਾ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਮੋਗਾ, ਮੁਕਤਸਰ ਤੇ ਤਰਨਤਾਰਨ ’ਚ ਲਗਾਏ ਗਏ| ਮੰਤਰੀ ਦਾ ਦੌਰਾ ਗੁਪਤ ਰੱਖਣ ਦੀ ਕੋਸ਼ਿਸ਼ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਟਿਆਲਾ ਫੇਰੀ ਨੂੰ ਕਰੀਬ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਦੱਸੀ ਜਾਂਦੀ ਹੈ। ਮੀਡੀਆ ਨੂੰ ਵੀ ਮੰਤਰੀ ਦੀ ਫੇਰੀ ਦੀ ਉਦੋਂ ਹੀ ਭਿਣਕ ਪਈ ਜਦੋਂ ਉਹ ਮੇਲੇ ਦਾ ਆਗਾਜ਼ ਕਰਕੇ ਜਾ ਚੁੱਕੇ ਸਨ| ਸੂਤਰ ਦੱਸਦੇ ਹਨ ਕਿ ਚੰਨੀ ਦੀ ਫੇਰੀ ਸਬੰਧੀ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਨੂੰ ਵੀ ਐਨ ਮੌਕੇ ’ਤੇ ਹੀ ਇਲਮ ਹੋਇਆ ਸੀ| ਮੇਜ਼ਬਾਨ ਸੰਸਥਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਪਰੋਂ ਪੱਕੇ ਤੌਰ ‘ਤੇ ਨਹੀਂ ਦੱਸਿਆ ਜਾ ਰਿਹਾ ਸੀ ਕਿ ਮੰਤਰੀ ਆਉਣਗੇ ਜਾਂ ਨਹੀਂ, ਪਰ ਸਵੇਰੇ ਮੰਤਰੀ ਦੇ ਆਉਣ ਤੋਂ ਕੁਝ ਚਿਰ ਪਹਿਲਾਂ ਹੀ ਸਪਸ਼ਟ ਹੋ ਸਕਿਆ ਸੀ। ਦੱਸਦੇ ਹਨ ਕਿ ਮੰਤਰੀ ਰਸਮ ਅਦਾ ਕਰਨ ਮਗਰੋਂ ਜਲਦੀ ਹੀ ਪਰਤ ਗਏ।