ਡੇਰਾਬਸੀ ਖੇਤਰ ’ਚ ਪ੍ਰਦੂਸ਼ਣ ਦੇ ਮਾਮਲੇ ਦੀ ਐੱਨਜੀਟੀ ਵਿੱਚ ਸੁਣਵਾਈ ਅੱਜ

13

November

2018

ਡੇਰਾਬਸੀ, ਡੇਰਾਬਸੀ ਖੇਤਰ ਵਿੱਚ ਫੈਲੇ ਪ੍ਰਦੂਸ਼ਣ ਸਬੰਧੀ ਕੌਮੀ ਗਰੀਨ ਟ੍ਰਿਬਿਊਨਲ ਵਿੱਚ ਚੱਲ ਰਹੇ ਕੇਸ ਦੀ ਸੁਣਵਾਈ ਭਲਕੇ 13 ਨਵੰਬਰ ਨੂੰ ਹੈ, ਜਿਸ ’ਤੇ ਪੂਰੇ ਇਲਾਕੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਨੇੜਲੇ ਪਿੰਡ ਈਸਾਪੁਰ ਦੇ ਲੋਕਾਂ ਵੱਲੋਂ ਸਥਾਨਕ ਉਦਯੋਗਾਂ ਖ਼ਿਲਾਫ਼ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਹੇਠ ਐੱਨਜੀਟੀ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ। ਕੇਸ ਦੀ ਪਿਛਲੀ ਤਰੀਕ ’ਤੇ ਐੱਨਜੀਟੀ ਨੇ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਹੇਠ ਇੱਥੋਂ ਦੇ 57 ਉਦਯੋਗਾਂ ਨੂੰ ਬੰਦ ਕਰਨ ਦਾ ਵੱਡਾ ਫੈਸਲਾ ਸੁਣਾਇਆ ਸੀ ਜਿਸ ਕਾਰਨ ਸਨਅਤਕਾਰਾਂ ਨੂੰ ਭਾਜੜਾਂ ਪੈ ਗਈਆਂ ਸਨ। ਉਂਝ ਬੰਦ ਕੀਤੇ ਜ਼ਿਆਦਾਤਰ ਉਦਯੋਗਾਂ ਦੇ ਪ੍ਰਬੰਧਕਾਂ ਨੇ ਐੱਨਜੀਟੀ ਵਿੱਚ ਪਟੀਸ਼ਨ ਦਾਖਲ ਕਰ ਕੇ ਫ਼ੈਸਲੇ ’ਤੇ ਸਟੇਅ ਦੀ ਮੰਗ ਕੀਤੀ ਸੀ ਪਰ ਟ੍ਰਿਬਿਊਨਲ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਪਿੰਡ ਵਾਸੀਆਂ ਦੇ ਕੇਸ ਨਾਲ ਜੋੜਦੇ ਹੋਏ ਭਲਕੇ ਕੇਸ ਦੀ ਤਰੀਕ ’ਤੇ ਹੀ ਇਸ ਪਟੀਸ਼ਨ ਦੀ ਸੁਣਵਾਈ ਕਰਨ ਦਾ ਫੈਸਲਾ ਸੁਣਾਇਆ ਸੀ। ਇਕੱਤਰ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਈਸਾਪੁਰ ਦੇ ਲੋਕ ਇਲਾਕੇ ਵਿੱਚ ਫੈਲ ਰਹੇ ਪ੍ਰਦੂਸ਼ਣ ਖ਼ਿਲਾਫ਼ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਨ। ਪਿੰਡ ਵਾਸੀਆਂ ਨੇ ਵੱਖ ਵੱਖ ਵਿਭਾਗਾਂ ਨੂੰ ਦਿੱਤੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈ ਕੋਰਟ ਨੇ ਪਿੰਡ ਵਾਸੀਆਂ ਦਾ ਕੇਸ ਐੱਨਜੀਟੀ ਨੂੰ ਭੇਜ ਦਿੱਤਾ ਸੀ। ਪਿੰਡ ਦੇ ਵਸਨੀਕ ਨੰਬਰਦਾਰ ਕਰਨੈਲ ਸਿੰਘ ਤੇ ਹਰਦਿੱਤ ਸਿੰਘ ਕਾਲਾ ਸਮੇਤ ਹੋਰਨਾਂ ਪਿੰਡ ਵਾਸੀਆਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਐੱਨਜੀਟੀ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ 101 ਉਦਯੋਗਾਂ ਦਾ ਸਰਵੇਖਣ ਕਰਵਾਇਆ ਸੀ ਜਿਨ੍ਹਾਂ ਵਿੱਚੋਂ 57 ਉਦਯੋਗਾਂ ਵਿੱਚ ਨਿਯਮਾਂ ਦੀ ਅਣਦੇਖੀ ਸਾਹਮਣੇ ਆਈ। ਐੱਨਜੀਟੀ ਨੇ ਕੇਸ ਦੀ ਪਿਛਲੀ ਤਰੀਕ ’ਤੇ ਇਨ੍ਹਾਂ 57 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ ਸੁਣਾ ਦਿੱਤੇ ਸਨ ਜਿਨ੍ਹਾਂ ਵਿੱਚ ਇਲਾਕੇ ਦਾ ਨਾਮੀ ਫੈਡਰਲ ਮੀਟ ਪਲਾਂਟ, ਨੈਕਟਰ ਲਾਈਫ ਸਾਇੰਸ ਯੂਨਿਟ-2 ਸਮੇਤ ਪੰਜਾਹ ਉਦਯੋਗ ਫੋਕਲ ਪੁਆਇੰਟ ਮੁਬਾਰਕਪੁਰ ਦੇ ਸ਼ਾਮਲ ਹਨ। ਇਨ੍ਹਾਂ ਵਿੱਚੋਂ ਫੈਡਰਲ ਮੀਟ ਪਲਾਂਟ ਨੂੰ ਸੁਪਰੀਮ ਕੋਰਟ ਤੋਂ ਲੰਘੇ ਦਿਨੀਂ ਸਟੇਅ ਮਿਲ ਗਈ ਸੀ। ਜਦੋਂਕਿ ਬਾਕੀ ਉਦਯੋਗਾਂ ਨੇ ਐੱਨਜੀਟੀ ਦਾ ਦਰਵਾਜ਼ਾ ਖੜਕਾਉਂਦੇ ਹੋਏ ਫ਼ੈਸਲੇ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਐੱਨਜੀਟੀ ਵੱਲੋਂ ਉਦਯੋਗਾਂ ਦੇ ਪ੍ਰਬੰਧਕਾਂ ਦਾ ਪੱਖ ਭਲਕੇ ਸੁਣਿਆ ਜਾਵੇਗਾ। ਪਟੀਸ਼ਨਰ ਨੰਬਰਦਾਰ ਕਰਨੈਲ ਸਿੰਘ ਤੇ ਹਰਦਿੱਤ ਸਿੰਘ ਕਾਲਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਸਮੇਤ ਪੂਰਾ ਇਲਾਕਾ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ। ਉਦਯੋਗਾਂ ਵੱਲੋਂ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦੂਸ਼ਿਤ ਪਾਣੀ ਖੁੱਲ੍ਹੇਆਮ ਪਿੰਡ ਦੇ ਨੇੜੇ ਤੋਂ ਲੰਘਦੇ ਢਾਬੀ ਵਾਲੇ ਚੋਅ ਸਮੇਤ ਹੋਰਨਾਂ ਨਦੀਆਂ ਤੇ ਨਾਲਿਆਂ ਵਿੱਚ ਪਾਇਆ ਜਾ ਰਿਹਾ ਹੈ। ਇਸ ਚੋਅ ਤੇ ਹੋਰ ਨਦੀਆਂ ਨਾਲਿਆਂ ਦੇ ਪਾਣੀ ਦੀ ਵਰਤੋਂ ਕਿਸਾਨ ਫਸਲਾਂ ਦੀ ਸਿੰਜਾਈ ਲਈ ਕਰਦੇ ਹਨ, ਜਿਸ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।