ਪੰਜਾਬੀ ਤੇ ਉਰਦੂ ਅਧਿਆਪਕਾਂ ਦੇ ਕਵਿਤਾ ਪਾਠ ਮੁਕਾਬਲੇ

12

November

2018

ਨਵੀਂ ਦਿੱਲੀ, ਸਿੱਖਿਆ ਵਿਭਾਗ ਦਿੱਲੀ ਸਰਕਾਰ ਦੇ ਜ਼ਿਲ੍ਹਾ ਉਤਰ ਪੱਛਮੀ ਬੀ ਤਹਿਤ, ਸਰਵੋਦਿਆ ਬਾਲ ਵਿਦਿਆਲਾ, ਕੇਸ਼ਵ ਪੁਰਮ, ਨਵੀਂ ਦਿੱਲੀ ਵਿੱਚ ਵਿਭਾਗ ਦੇ ਪੰਜਾਬੀ ਤੇ ਉਰਦੂ ਭਾਸ਼ਾ ਅਧਿਆਪਕਾਂ ਦਾ ਵੱਖੋ ਵੱਖਰਾ ਕਵਿਤਾ ਪਾਠ ਮੁਕਾਬਲਾ ਉਲੀਕਿਆ ਗਿਆ। ਸਕੂਲ ਮੁਖੀ ਸੁਖਬੀਰ ਸਿੰਘ ਦਹੀਆ, ਸਕੂਲ ਇੰਤਜਾਮੀਆ ਕਮੇਟੀ ਐਸ.ਐਮ.ਸੀ. ਦੇ ਜ਼ਿਲ੍ਹਾ ਸਰਪ੍ਰਸਤ ਈਸ਼ ਕੁਮਾਰ ਅਰੋੜਾ ਅਤੇ ਹੋਰਨਾਂ ਪਤਵੰਤਿਆਂ ਦੀ ਮੌਜੂਦਗੀ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਸਕੂਲ ਦੇ ਪੰਜਾਬੀ ਅਧਿਆਪਕ ਹਰਪ੍ਰੀਤ ਸਿੰਘ ਲੱਖੀ ਨੂੰ ਵਿਸ਼ੇਸ਼ ਤੌਰ ’ਤੇ ਇਸ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੌਂਪੀ ਗਈ। ਮੁਕਾਬਲੇ ਵਿੱਚ ਪੰਜਾਬੀ ਭਾਸ਼ਾ ਲਈ ਦਿਆਲ ਸਿੰਘ ਈਵਨਿੰਗ ਕਾਲਜ ਦੇ ਪ੍ਰੋਫੈਸਰ ਡਾ. ਪ੍ਰਿਥਵੀ ਰਾਜ ਥਾਪਰ ਅਤੇ ਉਰਦੂ ਲਈ ਡਾ. ਜਾਕਿਰ ਹੁਸੈਨ ਕਾਲਜ ਦੇ ਡਾ. ਆਰਿਫ ਇਸ਼ਤਿਆਕ ਨੇ ਜੱਜਾਂ ਦੀ ਭੂਮਿਕਾ ਨਿਭਾਈ। ਪੰਜਾਬੀ ਕਵਿਤਾ ਪਾਠ ਮੁਕਾਬਲੇ ਲਈ ਸਰੋਵਦਿਆ ਕੰਨਿਆ ਵਿਦਿਆਲਾ, ਰੋਹਿਣੀ ਸੈਕਟਰ 16 ਦੀ ਪੰਜਾਬੀ ਅਧਿਆਪਕਾ ਪਰਵਿੰਦਰ ਕੌਰ ਨੇ ਪਹਿਲਾ, ਮੇਜਬਾਨ ਸਕੂਲ ਦੇ ਹਰਪ੍ਰੀਤ ਸਿੰਘ ਲੱਖੀ ਨੇ ਦੂਜਾ ਅਤੇ ਸਰਕਾਰੀ ਬਾਲ ਵਿਦਿਆਲਾ ਨੰਬਰ 1, ਕੇਸ਼ਵ ਪੁਰਮ ਦੇ ਸੁਨੀਲ ਕੁਮਾਰ ਬੇਦੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਪ੍ਰਕਾਰ ਉਰਦੂ ਨਜ਼ਮ ਪੇਸ਼ਕਾਰੀ ਵਿੱਚ ਮੇਜ਼ਬਾਨ ਸਕੂਲ ਦੀ ਉਰਦੂ ਅਧਿਆਪਕਾ ਸੁਲਭਾ ਅਰੋੜਾ ਨੇ ਪਹਿਲੀ, ਐਸ.ਕੇ.ਵੀ. ਸਕੂਲ ਘੇਵਰਾ ਕਾਲੋਨੀ ਦੇ ਮੋ. ਅਲਮਸ ਖਾਨ ਨੇ ਦੂਜੀ ਅਤੇ ਸਰਕਾਰੀ ਕੋ ਐਡ ਵਿਦਿਆਲਾ ਨਿਜਾਮਪੁਰ ਦਿੱਲੀ ਦੀ ਗਣਿਤ ਅਧਿਆਪਕਾ ਡਾ. ਸੁਜਾਤਾ ਤੀਜੀ ਪੁਜੀਸ਼ਨ ਹਾਸਲ ਕੀਤੀ। ਡਾ. ਥਾਪਰ ਨੇ ਅਗਲੇ ਕਾਵਿ ਮੁਕਾਬਲੇ ਵਿੱਚ ਵੀ ਪੰਜਾਬੀ ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਬਾਰੇ ਆਸ ਪ੍ਰਗਟਾਈ। ਜ਼ਿਲ੍ਹੇ ਦੀ ਸਰੀਰਕ ਸਿਖਿਆ ਨਿਗਰਾਨ ਪੁਸ਼ਪਾ ਰਤਨਮ ਦੀ ਮੌਜੂਦਗੀ ਵਿੱਚ ਇਸ ਪ੍ਰੋਗਰਾਮ ਇੰਚਾਰਜ ਹਰਪ੍ਰੀਤ ਸਿੰਘ ਲੱਖੀ ਨੇ ਦਸਿਆ ਕਿ ਵਿਭਾਗ ਦੇ ਪੰਜਾਬੀ ਅਧਿਆਪਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਅੰਤ ਵਿੱਚ ਸਕੂਲ ਪ੍ਰਬੰਧਕਾਂ ਤੇ ਜੱਜਾਂ ਵੱਲੋਂ ਮੁਕਾਬਲੇ ਦੇ ਜੇਤੂ ਅਧਿਆਪਕਾਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਵੀ ਕੀਤਾ ਗਿਆ।