ਪੱਕੇ ਧਰਨੇ ’ਚ ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਭਰੀ ਹਾਜ਼ਰੀ

12

November

2018

ਪਟਿਆਲਾ, ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਹੇਠ ਇਥੇ ਚੱਲ ਰਹੇ ਪੱਕੇ ਧਰਨੇ ਦੇ 36ਵੇਂ ਦਿਨ ਅੱਜ ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਦਰਜਨ ਅਧਿਆਪਕ ਲੜੀਵਾਰ ਭੁੱਖ ਹੜਤਾਲ ’ਤੇ ਵੀ ਬੈਠੇ। ਹੜਤਾਲੀ ਅਧਿਆਪਕਾਂ ਨੇ ਕਾਲੇ ਝੰਡਿਆਂ ਨਾਲ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ‘ਬਿੱਟੂ’ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨ ਮਗਰੋਂ ਘਿਰਾਓ ਕੀਤਾ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ ਅਤੇ ਅਧਿਆਪਕ ਆਗੂਆਂ ਕੁਲਦੀਪ ਸਿੰਘ ਦੌੜਕਾ, ਗੁਰਪ੍ਰੀਤ ਅੰਮੀਵਾਲ, ਕੁਲਦੀਪ ਗੋਬਿੰਦਪੁਰਾ ਤੇ ਹੋਰਨਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਸਿੱਖਿਆ ਸਕੱਤਰ ਰਾਹੀਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਲਾਗੂ ਕਰਕੇ ਅਤੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੀਆਂ ਮੁਅੱਤਲੀਆਂ ਅਤੇ ਜਬਰੀ ਬਦਲੀਆਂ ਕਰਕੇ ਸੂਬੇ ਦੀ ਸਕੂਲੀ ਸਿੱਖਿਆ ਅਤੇ ਅਧਿਆਪਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਵਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਐੱਸਐੱਸਏ, ਰਮਸਾ, ਆਦਰਸ਼ ਅਤੇ ਮਾਡਲ ਸਕੂਲ ਅਧਿਆਪਕਾਂ ਨੂੰ 65 ਤੋਂ 75 ਫੀਸਦੀ ਤਨਖਾਹਾਂ ’ਚ ਕਟੌਤੀ ਕਰਨ ਦੇ ਫੈਸਲੇ ਨੂੰ ਜਬਰੀ ਲਾਗੂ ਕਰਨ ਲਈ ਅਧਿਆਪਕਾਂ ਦੀਆਂ ਛੁੱਟੀਆਂ ਖਤਮ ਕਰਨ, ਛੇ ਮਹੀਨੇ ਤੋਂ ਤਨਖਾਹਾਂ ਰੋਕਣ ਅਤੇ ਤਨਖਾਹ ਕਟੌਤੀ ਲਈ ਸਹਿਮਤੀ ਨਾ ਦੇਣ ਵਾਲੇ ਅਧਿਆਪਕਾਂ ਦੀ ਥਾਂ ‘ਤੇ ਹੋਰਨਾਂ ਅਧਿਆਪਕਾਂ ਨੂੰ ਹਾਜ਼ਰ ਕਰਵਾਉਣ ਦੀਆਂ ਮਾੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਪਿਛਲੇ ਚਾਰ ਸਾਲਾਂ ਤੋਂ ਪੂਰੀਆਂ ਤਨਖਾਹਾਂ ’ਤੇ ਰੈਗੂਲਰ ਹੋਣ ਦੀ ਉਡੀਕ ਕਰ ਰਹੇ 5178 ਅਧਿਆਪਕਾਂ ਨੂੰ ਕੇਵਲ ਸੱਤ ਹਜ਼ਾਰ ਤਨਖਾਹ ਦੇਣਾ ਧੱਕੇਸ਼ਾਹੀ ਦੀ ਸ਼ਿਖਰ ਹੈ। ਆਗੂਆਂ ਨੇ ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ, ਈਜੀਐੱਸ, ਏਆਈਈ, ਐੱਸਟੀਆਰ, ਆਈਈਆਰਟੀ, ਆਈਈਵੀ, ਸਿੱਖਿਆ ਪ੍ਰਾਈਡਰ ਨੂੰ ਸਿੱਖਿਆ ਵਿਭਾਗ ਵਿੱਚ ਲਿਆ ਕਿ ਰੈਗੂਲਰ ਕਰਨ ਦੀ ਨੀਤੀ ਤਿਆਰ ਕਰਨ ਦੀ ਮੰਗ ਕੀਤੀ। ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਦੀ ਬਜਾਏ ਮਿਲਦੀਆਂ ਤਨਖਾਹਾਂ ‘ਤੇ ਰੋਕਾਂ ਲਗਾਉਣ ਅਤੇ ਕਟੌਤੀਆਂ ਕਰਨ ਵਰਗੀਆਂ ਨੀਵੇਂ ਪੱਧਰ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮਿੱਡ-ਡੇਅ ਮੀਲ ਕੁੱਕ ਵਰਕਰ ਯੂਨੀਅਨ ਦੇ ਆਗੂ ਲਖਵਿੰਦਰ ਕੌਰ ਫਰੀਦਕੋਟ ਦੀ ਅਗਵਾਈ ਵਿੱਚ ਵੱਡੀ ਗਿਣਤੀ ਕੁੱਕ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।