ਬੇਅਦਬੀ ਮਾਮਲਾ: ਮੁਲਜ਼ਮਾਂ ਦੀਆਂ ਦੁਕਾਨਾਂ ਨੂੰ ਲਾਏ ਜਿੰਦਰੇ

12

November

2018

ਭਗਤਾ ਭਾਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਭਗਤਾ ਭਾਈ ਦੇ ਦੋ ਡੇਰਾ ਸਿਰਸਾ ਪ੍ਰੇਮੀਆਂ ਦੀਆਂ ਦੁਕਾਨਾਂ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਜਿੰਦਰੇ ਲਾ ਦਿੱਤੇ। ਸ਼੍ਰੋਮਣੀ ਕਮੇਟੀ ਦੀ ਮਾਲਕੀ ਵਾਲੀਆਂ ਇਹ ਦੁਕਾਨਾਂ ਬੱਸ ਅੱਡੇ ਵਿਚ ਸਥਿਤ ਹਨ। ਸ਼੍ਰੋਮਣੀ ਕਮੇਟੀ ਨੇ ਇਹ ਕਾਰਵਾਈ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਦਿੱਤੀ ਸੰਘਰਸ਼ ਦੀ ਚਿਤਾਵਨੀ ਪਿੱਛੋਂ ਕੀਤੀ ਹੈ। ਵੇਰਵਿਆਂ ਮੁਤਾਬਕ ਇਹ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸੁਖਮਿੰਦਰ ਸਿੰਘ ਦੀਆਂ ਹਦਾਇਤਾਂ ਉੱਤੇ ਕੀਤੀ ਗਈ ਹੈ। ਇਹ ਕਾਰਵਾਈ ਕਮੇਟੀ ਦੇ ਫਲਾਇੰਗ ਇੰਚਾਰਜ ਕੁਲਦੀਪ ਸਿੰਘ ਰੋਡੇ, ਸੁਪਰਵਾਈਜ਼ਰ ਬਲਦੇਵ ਸਿੰਘ, ਫਲਾਇੰਗ ਮੈਂਬਰ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਆਈ ਟੀਮ ਨੇ ਅਮਲ ਵਿਚ ਲਿਆਂਦੀ। ਇਸ ਮੌਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਦਸਵੀਂ ਦੇ ਮੈਨੇਜਰ ਭਾਈ ਇਕਬਾਲ ਸਿੰਘ ਜ਼ੀਰਾ ਅਤੇ ਸ਼੍ਰੋਮਣੀ ਕਮੇਟੀ ਦੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲੇ ਵਿਚ ਡੇਰਾ ਸਿਰਸਾ ਪ੍ਰੇਮੀ ਜਤਿੰਦਰਬੀਰ ਜਿੰਮੀ ਅਤੇ ਕੁਲਦੀਪ ਸਿੰਘ ਦੀ ਗ੍ਰਿਫ਼ਤਾਰੀ ਕਾਰਨ ਇਹ ਦੋਵੇਂ ਦੁਕਾਨਾਂ ਪਹਿਲਾਂ ਹੀ ਬੰਦ ਸਨ ਪਰ ਅੱਜ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਉੱਤੇ ਆਪਣੇ ਜਿੰਦਰੇ ਲਾ ਦਿੱਤੇ। ਦੋ ਹੋਰ ਡੇਰਾ ਪ੍ਰੇਮੀ ਗ੍ਰਿਫਤਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਤਹਿਤ ਅੱਜ ਪੁਲੀਸ ਵੱਲੋਂ ਕਸਬਾ ਭਗਤਾ ਭਾਈ ਦੇ ਦੋ ਹੋਰ ਡੇਰਾ ਪ੍ਰੇਮੀਆਂ ਸਾਧੂ ਸਿੰਘ ਅਤੇ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਸੂਚਨਾ ਹੈ। ਇਨ੍ਹਾਂ ਨੂੰ ਕੱਲ੍ਹ ਫੂਲ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।