ਚਮਕੌਰ ਸਾਹਿਬ ਤੇ ਰੂਪਨਗਰ ਇਲਾਕਿਆਂ ’ਚ ਸ਼ਰਾਬ ਦੇ ਠੇਕੇ ਲੁੱਟੇ

12

November

2018

ਚਮਕੌਰ ਸਾਹਿਬ/ਰੂਪਨਗਰ, ਚਮਕੌਰ ਸਾਹਿਬ ਅਤੇ ਰੂਪਨਗਰ ਇਲਾਕੇ ਦੇ ਪਿੰਡਾਂ ਕੰਧੋਲਾ ਟੱਪਰੀਆਂ ਅਤੇ ਪਥਰੇੜੀ ਜੱਟਾਂ ਵਿੱਚ ਬੀਤੀ ਰਾਤ ਮੋਟਰਸਾਈਕਲਾਂ ’ਤੇ ਸਵਾਰ ਲੁਟੇਰੇ ਠੇਕੇ ਦੇ ਕਰਿੰਦਿਆਂ ਤੋਂ ਇਕ ਲੱਖ ਤੋਂ ਵੱਧ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਲੈ ਗਏ। ਵੇਰਵਿਆਂ ਅਨੁਸਾਰ ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਕੰਧੋਲਾ ਟੰੱਪਰੀਆਂ ਦੇ ਠੇਕੇ ’ਤੇ ਬੀਤੀ ਰਾਤ ਲੁਟੇਰੇ ਪਿਸਤੌਲ ਵਿਖਾ ਕੇ ਠੇਕੇ ’ਤੇ ਕਰਿੰਦਿਆਂ ਤੋਂ 74,800 ਦੀ ਨਕਦੀ ਲੁੱਟ ਕੇ ਲੈ ਗਏ। ਠੇਕੇ ਦੇ ਕਰਿੰਦਿਆਂ ਸੰਦੀਪ ਕੁਮਾਰ ਵਾਸੀ ਉਤਰਾਂਚਲ ਅਤੇ ਪ੍ਰਦੀਪ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ 8.30 ਦੇ ਕਰੀਬ ਠੇਕੇ ਨੂੰ ਬੰਦ ਕਰਕੇ ਨਕਦੀ ਗਿਣ ਰਹੇ ਸਨ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਲੁਟੇਰਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਦੋ ਲੁਟੇਰਿਆਂ ਦੇ ਹੱਥ ਵਿੱਚ ਪਿਸਤੌਲ ਸੀ। ਉਨ੍ਹਾਂ ਨੇ ਠੇਕੇ ਦੀ ਖਿੜਕੀ ਵਿੱਚੋਂ ਇੱਕ ਕਰਿੰਦੇ ਦੀ ਬਾਂਹ ਫੜ ਲਈ ਅਤੇ ਦਰਵਾਜ਼ਾ ਖੋਲ੍ਹਣ ਲਈ ਜ਼ੋਰ ਪਾਉਣ ਲੱਗਾ ਤੇ ਧਮਕੀ ਦਿੱਤੀ ਕਿ ਜੇਕਰ ਦਰਵਾਜ਼ਾ ਨਾ ਖੋਲ੍ਹਿਆ ਤਾਂ ਗੋਲੀ ਚਲਾ ਦਿੱਤੀ ਜਾਵੇਗੀ। ਇਸ ਉਪਰੰਤ ਕਰਿੰਦਿਆਂ ਨੇ ਠੇਕੇ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਨਾਲ ਹੀ ਤਿੰਨ ਨੌਜਵਾਨ ਅੰਦਰ ਦਾਖ਼ਲ ਹੋ ਗਏ ਅਤੇ 66 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਗੱਲੇ ਵਿੱਚ ਪਈ 8800 ਦੀ ਰਾਸ਼ੀ ਲੁੱਟ ਲਈ। ਇਸ ਮਗਰੋਂ ਲੁਟੇਰੇ ਦੋਵੇਂ ਕਰਿੰਦਿਆਂ ਦੇ ਮੋਬਾਈਲ ਫੋਨ ਅਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਪਿੰਡ ਸੰਧੂਆਂ ਵੱਲ ਫਰਾਰ ਹੋ ਗਏ। ਚਮਕੌਰ ਸਾਹਿਬ ਥਾਣੇ ਦੇ ਮੁਖੀ ਗੁਰਦੀਪ ਸਿੰਘ ਸੈਣੀ ਪੁਲੀਸ ਪਾਰਟੀ ਨਾਲ ਘਟਨਾ ਸਥਾਨ ’ਤੇ ਪੁੱਜੇ। ਇਸ ਉਪਰੰਤ ਡੀਐੱਸਪੀ (ਡੀ) ਵਰਿੰਦਰਜੀਤ ਸਿੰਘ ਰੂਪਨਗਰ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਟੀਮਾਂ ਦਾ ਗਠਨ ਕੀਤਾ। ਪੁਲੀਸ ਨੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸੇ ਦੌਰਾਨ ਥਾਣਾ ਸਿੰਘ ਭਗਵੰਤਪੁਰਾ ਦੇ ਅਧੀਨ ਪੈਂਦੇ ਪਿੰਡ ਪਥਰੇੜੀ ਜੱਟਾਂ ਵਿੱਚ ਬੀਤੀ ਰਾਤ ਸ਼ਰਾਬ ਦੇ ਠੇਕੇ ਦੇ ਕਰਿੰਦਿਆਂ ਤੋਂ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ 32,200 ਰੁਪਏ ਲੁੱਟ ਲਏ ਅਤੇ ਵਾਰਦਾਤ ਤੋਂ ਬਾਅਦ ਫਰਾਰ ਹੋ ਗਏ। ਠੇਕੇ ’ਤੇ ਤਾਇਨਾਤ ਕਰਿੰਦੇ ਰਾਕੇਸ਼ ਕੁਮਾਰ ਗੋਲੂ, ਸ਼ਮਸ਼ੇਰ ਸਿੰਘ ਵਾਸੀ ਗੜ੍ਹਸ਼ੰਕਰ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਰਾਤ 8.16 ਵਜੇ ਚਾਰ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਪਿਸਤੌਲ ਦੀ ਨੋਕ ’ਤੇ ਉਨ੍ਹਾਂ ਕੋਲੋਂ 32,200 ਰੁਪਏ ਲੁੱਟ ਲਏ। ਇਸ ਬਾਰੇ ਉਨ੍ਹਾਂ ਨੇ ਸ਼ਰਾਬ ਦੇ ਠੇਕੇਦਾਰ ਅਤੇ ਪੁਲੀਸ ਨੂੰ ਸੂਚਿਤ ਕੀਤਾ। ਠੇਕੇਦਾਰ ਨੇ ਹੋਰਨਾਂ ਠੇਕਿਆਂ ਦੇ ਕਰਿੰਦਿਆਂ ਨੂੰ ਇਸ ਵਾਰਦਾਤ ਬਾਰੇ ਸੂਚਿਤ ਕੀਤਾ। ਘਟਨਾ ਦੌਰਾਨ ਲੁਟੇਰੇ ਕਰਿੰਦਿਆਂ ਦੇ ਮੋਬਾਈਲ ਫੋਨ ਵੀ ਲੈ ਗਏ। ਐੱਸਐੱਸਪੀ ਸਵਪਨ ਸ਼ਰਮਾ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਲੁੱਟਣ ਦੀ ਘਟਨਾ ਦੇ ਬਾਰੇ ਜਾਂਚ ਲਈ ਡੀਐਸਪੀ ਵਰਿੰਦਰਜੀਤ ਸਿਘ ਅਤੇ ਸੀਆਈਏ-1 ਦੇ ਇੰਚਾਰਜ ਦੀਪਇੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਅਤੇ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।