ਮਨੋਜ ਤਿਵਾੜੀ ਖ਼ਿਲਾਫ਼ ਸਿਗਨੇਚਰ ਬ੍ਰਿਜ ਦੇ ਉਦਘਾਟਨ ਮੌਕੇ ਹੰਗਾਮਾ ਕਰਨ ਕਰਕੇ ਕਾਰਵਾਈ ਮੰਗੀ

10

November

2018

ਨਵੀਂ ਦਿੱਲੀ, ਆਮ ਆਦਮੀ ਪਾਰਟੀ ਵੱਲੋਂ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਤੇ ਉੱਤਰੀ ਦਿੱਲੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਦਿੱਲੀ ਪੁਲੀਸ ਤੋਂ ਕੀਤੀ ਗਈ ਹੈ। ‘ਆਪ’ ਆਗੂਆਂ ਦਾ ਵਫ਼ਦ ਦਿੱਲੀ ਦੇ ਪੁਲੀਸ ਕਮਿਸ਼ਨਰ ਅਮੁੱਲਿਆ ਪਟਨਾਇਕ ਨੂੰ ਮਿਲਿਆ ਤੇ ਮੰਗ ਕੀਤੀ ਕਿ ਮਨੋਜ ਤਿਵਾੜੀ ਖ਼ਿਲਾਫ਼ ਸਿਗਨੇਚਰ ਬ੍ਰਿਜ ਦੇ ਉਦਘਾਟਨ ਸਮਾਗਮ ਦੌਰਾਨ ਹੰਗਾਮਾ ਕਰਨ ਕਰਕੇ ਮਾਮਲਾ ਦਰਜ ਕੀਤਾ ਜਾਵੇ। ਪੁਲੀਸ ਕਮਿਸ਼ਨਰ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਸ੍ਰੀ ਤਿਵਾੜੀ ਵੱਲੋਂ ਸੋਚੀ ਸਮਝੀ ਰਣਨੀਤੀ ਤਹਿਤ ਪੁੱਲ ਦੇ ਉਦਘਾਟਨ ਸਮੇਂ ਹੰਗਾਮਾ ਕੀਤਾ ਗਿਆ। ‘ਆਪ’ ਦੇ ਰਾਜ ਸਭਾ ਮੈਂਬਰ ਐੱਨਡੀ ਗੁਪਤਾ ਨੇ ਇਸ ਘਟਨਾ ਦੇ ਪ੍ਰਤੱਖਦਰਸ਼ੀਆਂ ਬਾਰੇ ਜਾਣਕਾਰੀ ਦਿੱਤੀ ਤੇ ਦੋਸ਼ ਲਾਇਆ ਕਿ ਤਿਵਾੜੀ ਤੇ ਉਨ੍ਹਾਂ ਦੇ ਸਮਰਥਕ ਸਿਗਨੇਚਰ ਬ੍ਰਿਜ ਦੇ ਇੱਕ ਹਿੱਸੇ ਵਿਖੇ ਸੋਚੀ-ਸਮਝੀ ਰਣਨੀਤੀ ਤਹਿਤ ਪੁੱਜੇ ਤੇ ਉਨ੍ਹਾਂ ਦੀ ਮਨਸ਼ਾ ਉੱਥੇ ਹੰਗਾਮਾ ਕਰਨਾ ਤੇ ਹਿੰਸਾ ਫੈਲਾਉਣਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਸਾਥੀ ਮੰਤਰੀਆਂ ਨੂੰ ਨੁਕਸਾਨ ਵੀ ਹੋ ਸਕਦਾ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲੀਸ ਨੇ 3 ਮੁੱਕਦਮੇ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ ‘ਆਪ’ ਵਿਧਾਇਕ ਅਮਾਨਤ ਉਲ੍ਹਾ ਖ਼ਾਂ ਖ਼ਿਲਾਫ਼ ਵੀ ਦਰਜ ਕੀਤਾ ਗਿਆ ਹੈ ਤੇ ਜਿਕਰ ਕੀਤਾ ਗਿਆ ਕਿ ਖ਼ਾਂ ਨੇ ਮਨੋਜ ਤਿਵਾੜੀ ਨੂੰ ਮੰਚ ਤੋਂ ਕਥਿਤ ਧੱਕਾ ਦਿੱਤਾ ਸੀ। ਪੁਲੀਸ ਨੇ ਦੋ ਮੁੱਕਦਮੇ ਭਾਜਪਾ ਤੇ ਆਮ ਆਦਮੀ ਪਾਰਟੀ ਕਾਰਕੁਨਾਂ ਖ਼ਿਲਾਫ਼ ਵੀ ਦਰਜ ਕੀਤੇ ਹਨ। ਦੋਨਾਂ ਧਿਰਾਂ ਦੇ ਸਮਰਥਕ ਵੀ ਇਸ ਸਮਾਗਮ ਦੌਰਾਨ ਭਿੜ ਪਏ ਸਨ। ਸ੍ਰੀ ਗੁਪਤਾ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਕਿ ‘ਆਪ’ ਦੇ ਦੂਜੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਇਸ ਘਟਨਾ ਬਾਰੇ ਚਸ਼ਮਦੀਦ ਵੱਜੋਂ ਆਪਣੇ ਬਿਆਨ ਦਰਜ ਕਰਵਾਉਣ ਲਈ ਤਿਆਰ ਸਨ। ਵਫ਼ਦ ਵੱਲੋਂ ਇਸ ਮਾਮਲੇ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਲਈ ਸਬੂਤ ਦੇਣ ਦੀ ਪੇਸ਼ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਲੋਕ ਨੁਮਾਇੰਦੇ ਨੂੂੰ ਉਸ ਦੀ ਡਿਊਟੀ ਨਿਭਾਉਣ ਵਿੱਚ ਰੁਕਾਵਟ ਪਾਉਣ ਕਾਰਨ ਸ੍ਰੀ ਮਨੋਜ ਤਿਵਾੜੀ ਖ਼ਿਲਾਫ਼ ਮਾਮਲਾ ਦਰਜ ਕਰੇ ਪਰ ਅਜਿਹਾ ਨਹੀਂ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਤਿਵਾੜੀ ਵੱਲੋਂ ਬੀਤੇ ਹਫ਼ਤੇ ਇਸ ਪੁੱਲ ਦੇ ਉਦਘਾਟਨ ਦੌਰਾਨ ਦਿੱਲੀ ਸਰਕਾਰ ਵੱਲੋਂ ਸੱਦਾ ਨਾ ਦਿੱਤੇ ਜਾਣ ਤੋਂ ਖਫ਼ਾ ਹੋ ਕੇ ਆਪਣੇ ਸਮਰਥਕਾਂ ਨਾਲ ਉਦਘਾਟਨ ਵਾਲੀ ਥਾਂ ’ਤੇ ਜਾ ਕੇ ਹੰਗਾਮਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਪੁੱਲ ਲਈ ਉਨ੍ਹਾਂ ਵੀ ਰਾਸ਼ਟਰਪਤੀ ਸ਼ਾਸਨ ਦੌਰਾਨ ਫੰਡ ਮੁਹੱਈਆ ਕਰਵਾਏ ਸਨ ਪਰ ਸਿਹਰਾ ਕੇਜਰੀਵਾਲ ਸਰਕਾਰ ਆਪਣੇ ਸਿਰ ਬੰਨ੍ਹ ਰਹੀ ਹੈ। ਜਦੋਂ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਭਾਜਪਾ ਨੇ ਨਿਕੰਮੇ ਅਧਿਕਾਰੀਆਂ ਕੋਲ ਫਾਈਲ ਅਟਕਾਈ ਰੱਖੀਆਂ ਗਈਆਂ ਸਨ।