ਯੂਥ ਕਾਂਗਰਸ ਵੱਲੋਂ ਮਿਨੀ ਸਕੱਤਰੇਤ ਸਾਹਮਣੇ ਪ੍ਰਦਰਸ਼ਨ

10

November

2018

ਫਰੀਦਾਬਾਦ, ਇੰਡੀਅਨ ਯੂਥ ਕਾਂਗਰਸ ਵੱਲੋਂ ਨੋਟਬੰਦੀ ਦੀ ਦੂਜੀ ਵਰ੍ਹੇਗੰਢ ਮੌਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਤੇ ਦੋਸ਼ ਲਾਇਆ ਗਿਆ ਕਿ ਨੋਟਬੰਦੀ ਨਾਲ ਸਿਰਫ਼ ਭਾਜਪਾ ਨੂੰ ਹੀ ਲਾਭ ਹੋਇਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨਾਕਾਮ ਯੋਜਨਾ ਲਈ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣ। ਸੈਕਟਰ-12 ਸਥਿਤ ਮਿੰਨੀ ਸਕੱਤਰੇਤ ਦੇ ਬਾਹਰ ਯੂਥ ਵਿੰਗ ਦੇ ਕਾਂਗਰਸੀ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਾਰਕੁਨਾਂ ਤੇ ਆਗੂਆਂ ਨੇ ਦੋਸ਼ ਲਾਇਆ ਕਿ ਨੋਟਬੰਦੀ ਦੇ ਤੁਗ਼ਲਕੀ ਫ਼ੁਰਮਾਨ ਨਾਲ ਦੇਸ਼ ਦੀ ਅਰਥ ਵਿਵਸਥਾ ਚਰਮਰਾ ਗਈ ਤੇ ਇਸ ਯੋਜਨਾ ਦੇ ਦੱਸੇ ਗਏ ਟੀਚੇ ਵੀ ਹਾਸਲ ਨਹੀਂ ਹੋ ਸਕੇ। ਆਗੂਆਂ ਨੇ ਕਿਹਾ ਨਾ ਹੀ ਉਤਪਾਦਨ ਵਧਿਆ, ਨਾ ਹੀ ਕਾਲਾ ਧਨ ਵਾਪਸ ਆ ਸਕਿਆ ਤੇ ਸ੍ਰੀ ਮੋਦੀ ਵੱਲੋਂ ਹੋ ਵਾਅਦੇ ਤੇ ਦਾਅਵੇ ਇਸ ਯੋਜਨਾ ਨੂੰ ਅਚਾਨਕ ਸ਼ੁਰੂ ਕਰਨ ਵੇਲੇ ਕੀਤੇ ਸਨ ਉਹ ਵੀ ਕਿਸੇ ਪਾਸਿਉਂ ਪੂਰੇ ਨਹੀਂ ਹੋਏ। ਇਸ ਯੋਜਨਾ ਨਾਲ ਸਿਰਫ਼ ਭਾਜਪਾਈਆਂ ਨੂੰ ਹੀ ਲਾਭ ਹੋਇਅ ਤੇ ਇਹ ਇੱਕ ਵੱਡਾ ਘੁਟਾਲਾ ਸਾਬਤ ਹੋਇਆ ਹੈ। ਦੋਸ਼ ਲਾਇਆ ਗਿਆ ਕਿ ਇਸ ਯੋਜਨਾ ਦਾ ਮਕਸਦ ਭਾਜਪਾ ਆਗੂਆਂ ਨੂੰ ਲਾਹਾ ਦੇਣਾ ਸੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਅਗਵਾਈ ਵਾਲੀ ਸੰਸਥਾ ਵਿੱਚ ਮੋਟੀ ਰਕਮ ਇਸ ਨੋਟਬੰਦੀ ਦੌਰਾਨ ਤਬਦੀਲ ਕਰਵਾਈ ਗਈ। ਦਿੱਲੀ ਵਿੱਚ ਆਰਬੀਆਈ ਦਫ਼ਤਰ ਨੂੰ ਘੇਰਿਆ ਨਵੀਂ ਦਿੱਲੀ(ਪੱਤਰ ਪ੍ਰੇਰਕ): ਇੰਡੀਅਨ ਯੂਥ ਕਾਂਗਰਸ ਵੱਲੋਂ ਨੋਟਬੰਦੀ ਦੀ ਦੂਜੀ ਵਰ੍ਹੇਗੰਢ ਮੌਕੇ ਆਰਬੀਆਈ ਖ਼ਿਲਾਫ਼ ਅੱਜ ਦਿੱਲੀ ਵਿੱਚ ਬੈਂਕ ਦੇ ਦਫ਼ਤਰ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਥ ਕਾਂਗਰਸੀ ਰਫ਼ੀ ਮਾਰਗ ’ਤੇ ਇਕੱਠੇ ਹੋਏ ਤੇ ਉਨ੍ਹਾਂ ਆਰਬੀਆਈ ਦੀ ਸੰਸਦ ਮਾਰਗ ਸਥਿਤ ਦਫ਼ਤਰ ਵੱਲ ਮਾਰਚ ਸ਼ੁਰੂ ਕੀਤਾ। ਦਿੱਲੀ ਪੁਲੀਸ ਨੇ ਰੋਕਾਂ ਲਾ ਕੇ ਉਨ੍ਹਾਂ ਨੂੰ ਰਾਹ ਵਿੱਚ ਹੀ ਡੱਕ ਲਿਆ। ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਨੋਟਬੰਦੀ ਨੂੰ ਨਾਕਾਮ ਕਰਾਰ ਦਿੰਦੇ ਹੋਏ ਕਾਂਗਰਸ ਦੇ ਯੂਥ ਆਗੂਆਂ ਵੱਲੋਂ ਮੋਦੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਗਈ। ਯੂਥ ਬੁਲਾਰੇ ਅਮਰੀਸ਼ ਰਾਜਨ ਮੁਤਾਬਕ ਮੋਦੀ ਸਰਕਾਰ ਨੇ ਬੇਤੁਕਾ ਫ਼ੈਸਲਾ ਲੈ ਕੇ ਦੇਸ਼ ਵਾਸੀਆਂ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਸੀ। ਆਗੂਆਂ ਨੇ ਕਿਹਾ ਕਿ ਇਸ ਨੋਟਬੰਦੀ ਕਾਰਨ ਆਰਥਿਕ ਖੇਤਰ ਵਿੱਚ ਨੁਕਸਾਨ ਹੋਇਆ ਤੇ ਲੋਕਾਂ ਦੀਆਂ ਨੌਕਰੀਆਂ ਤਕ ਜਾਂਦੀਆਂ ਰਹੀਆਂ ਪਰ ਸਰਕਾਰ ਵੱਲੋਂ ਇਸ ਨੂੰ ਸਫਲ ਦੱਸ ਕੇ ਮੂਰਖ ਬਣਾਇਆ ਜਾ ਰਿਹਾ ਹੈ।