ਗੰਨੇ ਦਾ ਭਾਅ ਤੇ ਪਿੜਾਈ ਦਾ ਸਮਾਂ ਨਾ ਐਲਾਨਣ ਤੋਂ ਕਿਸਾਨ ਔਖੇ

10

November

2018

ਜਲੰਧਰ, ਪੰਜਾਬ ਸਰਕਾਰ ਵੱਲੋਂ ਗੰਨੇ ਦਾ ਭਾਅ ਅਤੇ ਨਿੱਜੀ ਖੰਡ ਮਿੱਲਾਂ ਵੱਲੋਂ ਗੰਨੇ ਦੀ ਪਿੜਾਈ ਦਾ ਸਮਾਂ ਨਾ ਐਲਾਨਣ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਦੋਆਬਾ 17 ਨਵੰਬਰ ਨੂੰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਉੱਤੇ ਦਸੂਹਾ ਵਿਚ ਜਾਮ ਲਾਵੇਗੀ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਬੁਲਾਰੇ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਗੰਨਾ ਉਤਪਾਦਕਾਂ ਦਾ ਅਜੇ ਵੀ 450 ਕਰੋੜ ਰੁਪਏ ਬਕਾਇਆ ਖੜ੍ਹਾ ਹੈ, ਜਿਸ ਕਾਰਨ ਕਿਸਾਨ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ 1 ਨਵੰਬਰ ਤੋਂ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਹੋ ਜਾਂਦਾ ਸੀ ਪਰ ਇਸ ਵਾਰ ਨਿੱਜੀ ਖੰਡ ਮਿੱਲਾਂ ਨੇ ਪਿੜਾਈ ਦੀ ਕੋਈ ਵੀ ਸਮਾਂ ਸਾਰਣੀ ਜਨਤਕ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਗੰਨੇ ਹੇਠਲੇ ਰਕਬੇ ਵਿਚ 12 ਫੀਸਦੀ ਵਾਧਾ ਹੋਇਆ ਹੈ ਪਰ ਮਿੱਲਾਂ ਵੱਲੋਂ ਇਸ ਦੀ ਪਿੜਾਈ ਬਾਰੇ ਕੁਝ ਵੀ ਨਾ ਦੱਸਣ ਕਾਰਨ ਅਨਿਸ਼ਚਿਤਤਾ ਵਾਲਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਗੰਨੇ ਦੀ ਪਿੜਾਈ ਨਾ ਸ਼ੁਰੂ ਹੋਈ ਤਾਂ ਅਗਲੇ ਸਾਲ ਕਿਸਾਨ ਇਸੇ ਰਕਬੇ ’ਤੇ ਝੋਨਾ ਲਾਉਣਾ ਸ਼ੁਰੂ ਕਰ ਦੇਣਗੇ। ਕਿਸਾਨ ਆਗੂ ਕਿਰਪਾਲ ਸਿੰਘ ਨੇ ਜਥੇਬੰਦੀ ਵੱਲੋਂ ਮੰਗ ਕੀਤੀ ਕਿ ਗੰਨੇ ਦਾ ਘੱਟੋ ਘੱਟ ਭਾਅ 350 ਰੁਪਏ ਪ੍ਰਤੀ ਕੁਇੰਟਲ ਐਲਾਨ ਕੀਤਾ ਜਾਵੇ। ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਪੰਜਾਬ ’ਚ ਗੰਨੇ ਦੀ ਪਿੜਾਈ ਦਾ 70 ਫੀਸਦੀ ਤੋਂ ਵੱਧ ਹਿੱਸਾ ਨਿੱਜੀ ਖੰਡ ਮਿੱਲਾਂ ਹੀ ਕਰਦੀਆਂ ਹਨ ਜਦਕਿ ਸਹਿਕਾਰੀ ਖੰਡ ਮਿੱਲਾਂ 20 ਫੀਸਦੀ ਤੋਂ ਵੀ ਘੱਟ ਗੰਨਾ ਪੀੜਦੀਆਂ ਹਨ। ਉਧਰ ਗੰਨਾ ਕਮਿਸ਼ਨਰ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਗੰਨੇ ਦੀ ਪਿੜਾਈ ਦਾ ਕੰਮ 15 ਨਵੰਬਰ ਤੋਂ ਸ਼ੁਰੂ ਕਰਨ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ ਗੰਨੇ ਦਾ ਭਾਅ 310 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦੇਣ ਵਾਲਾ ਨੋਟੀਫਿਕੇਸ਼ਨ ਐਤਵਾਰ ਤੱਕ ਜਾਰੀ ਹੋ ਜਾਵੇਗਾ।