ਵਾਹਨਾਂ ਦੀ ਜਾਅਲੀ ਐੱਨਓਸੀ ਤਿਆਰ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ

10

November

2018

ਪਟਿਆਲਾ, ਦੂਜੇ ਰਾਜਾਂ ਤੋਂ ਗੱਡੀਆਂ ਲਿਆ ਕੇ ਉਨ੍ਹਾਂ ਦੀਆਂ ਜਾਅਲੀ ਐੱਨਓਸੀਜ਼ ਤਿਆਰ ਕਰਨ ਉਪਰੰਤ ਪੰਜਾਬ ਵਿੱਚ ਜਾਅਲੀ ਐਡਰੈੱਸ ਪਰੂਫ਼ ਲਾ ਕੇ ਆਰਸੀ ਬਣਾ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਰਗੜਾ ਲਾਉਣ ਵਾਲ਼ੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਦਿਆਂ ਪਟਿਆਲਾ ਪੁਲੀਸ ਨੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 80 ਆਰ.ਸੀਜ਼ (11 ਹਰਿਆਣਾ ਅਤੇ 69 ਪਟਿਆਲਾ ਦੀਆਂ), 132 ਪਰਮਿਟ (ਆਰਟੀਏ ਪਟਿਆਲਾ ਵੱਲੋਂ ਜਾਰੀ) ਅਤੇ 7 ਜਾਅਲੀ ਮੋਹਰਾਂ (5 ਆਰਟੀਏ ਪਟਿਆਲਾ) ਸਮੇਤ ਚਾਰ ਟਿੱਪਰ, ਦੋ ਮਹਿੰਦਰਾ ਪਿੱਕਅਪ ਜੀਪਾਂ, ਇਕ ਘੋੜਾ ਟਰਾਲਾ ਅਤੇ ਪੰਜ ਟਰੱਕ ਬਰਾਮਦ ਕੀਤੇ ਗਏ ਹਨ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਅਮਨਦੀਪ ਸਿੰਘ ਰੌਕੀ ਵਾਸੀ ਪਿੰਡ ਸਿੱਧੂਵਾਲ (ਪਟਿਆਲਾ) ਅਤੇ ਅਰਵਿੰਦਰ ਸਿੰਘ ਬੋਨੀ ਵਾਸੀ ਅੰਬਾਲਾ (ਹਰਿਆਣਾ) ਸ਼ਾਮਲ ਹਨ, ਜਿਨ੍ਹਾਂ ਦੇ ਸਾਥੀ ਪ੍ਰਦੀਪ ਸ਼ਰਮਾ ਸਮਾਣਾ ਦੀ ਭਾਲ ਜਾਰੀ ਹੈ। ਗਰੋਹ ਵੱਲੋਂ ਵਾਹਨਾਂ ਦੇ ਇੰਜਣ ਅਤੇ ਚੈਸੀ ਨੰਬਰਾਂ ਦੇ ਅੱਗੇ ਲੱਗੇ ਨੁਮੈਰੀਕਲ ਅਤੇ ਅਲਫਾਬੈਟੀਕਲ ਨੰਬਰਾਂ ਵਿੱਚ ਫ਼ਰਕ ਪਾ ਕੇ, ਹੋਰ ਰਾਜਾਂ ਵਿਚੋਂ ਜਾਅਲੀ ਐੱਨਓਸੀ ਤਿਆਰ ਕਰਵਾਉਣ ਉਪਰੰਤ ਪੰਜਾਬ ਵਿੱਚ ਜਾਅਲੀ ਐਡਰੈੱਸ ਪਰੂਫ਼ਾਂ ਦੇ ਆਧਾਰ ’ਤੇ ਪੰਜਾਬ ਨੰਬਰ ਦੀਆਂ ਆਰ.ਸੀਜ਼ ਤਿਆਰ ਕਰ ਲਈਆਂ ਜਾਂਦੀਆਂ ਸਨ। ਫਿਰ ਅੱਗੇ ਡੀਲਰਾਂ ਨੂੰ ਵੇਚ ਦਿੰਦੇ ਸਨ। ਇਸ ਨਾਲ਼ ਮਾਲੀਏ ਦਾ ਨੁਕਸਾਨ ਹੋ ਰਿਹਾ ਸੀ। ਮੁਲਜ਼ਮਾਂ ਖ਼ਿਲਾਫ਼ 13 ਅਕਤੂਬਰ ਨੂੰ ਥਾਣਾ ਘੱਗਾ ਵਿਖੇ ਕੇਸ ਦਰਜ ਕੀਤਾ ਗਿਆ ਸੀ। ਐੱਸਐੱਸਪੀ ਨੇ ਦੱਸਿਆ ਕਿ ਗਰੋਹ ਦਾ ਪਰਦਾਫਾਸ਼ ਕਰਨ ਲਈ ਐੱਸਪੀ (ਸਕਿਓਰਿਟੀ ਤੇ ਟਰੈਫ਼ਿਕ) ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਡੀਐੱਸਪੀ ਪਾਤੜਾਂ ਪ੍ਰਿਤਪਾਲ ਸਿੰਘ ਘੁੰਮਣ, ਥਾਣਾ ਘੱਗਾ ਦੇ ਮੁਖੀ ਗੁਰਚਰਨ ਸਿੰਘ ਅਤੇ ਸਹਾਇਕ ਥਾਣੇਦਾਰ ਸ਼ੇਰ ਸਿੰਘ ’ਤੇ ਆਧਾਰਿਤ ਟੀਮ ਬਣਾਈ ਗਈ ਸੀ। ਉਨ੍ਹਾਂ ਆਖਿਆ ਕਿ ਕਈ ਫਰਜ਼ੀ ਦਸਤਾਵੇਜ਼ ਫ਼ਰਾਰ ਮੁਲਜ਼ਮ ਪ੍ਰਦੀਪ ਸ਼ਰਮਾ ਕੋਲ਼ ਹਨ। ਆਰਟੀਏ ਦਫ਼ਤਰ ਪਟਿਆਲਾ ਅਤੇ ਅੰਬਾਲਾ ਦੀ ਮਿਲੀਭੁਗਤ ਸਮੇਤ ਬਰਾਮਦ ਗੱਡੀਆਂ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਚੋਰੀ ਦੀਆਂ ਹਨ ਜਾਂ ਬੈਂਕ ਵੱਲੋਂ ਰਿਕਵਰ ਕੀਤੀਆਂ ਹੋਈਆਂ ਹਨ।