ਡੇਰਾਬੱਸੀ ਦੀ ਕੈਮੀਕਲ ਫੈਕਟਰੀ ਵਿੱਚ ਅੱਗ ਲੱਗੀ

10

November

2018

ਡੇਰਾਬੱਸੀ, ਇਥੋਂ ਦੀ ਮੁਬਾਰਿਕੁਪਰ ਰੋਡ ਦੇ ਰਿਹਾਇਸ਼ੀ ਖੇਤਰ ਵਿੱਚ ਸਥਿਤ ਪੰਜਾਬ ਕੈਮੀਕਲਜ਼ ਐਂਡ ਕਰੋਪ ਪ੍ਰੋਟੈਕਸ਼ਨ ਲਿਮਟਿਡ (ਪੀਸੀਸੀਪੀਐਲ) ਦੀ ਫੈਕਟਰੀ ਵਿੱਚ ਅੱਜ ਦੇਰ ਸ਼ਾਮ ਅੱਗ ਲੱਗ ਗਈ। ਇਹ ਅੱਗ ਕੰਪਨੀ ਦੇ ਇਕ ਪਲਾਂਟ ਨੂੰ ਲੱਗੀ ਜਿਸ ਕਾਰਨ ਮੁਲਾਜ਼ਮਾਂ ਵਿੱਚ ਬੇਚੈਨੀ ਫੈਲ ਗਈ। ਪ੍ਰਬੰਧਕਾਂ ਵੱਲੋਂ ਪੱਤਰਕਾਰਾਂ ਨੂੰ ਅੱਗ ਬੁਝਣ ਤੱਕ ਫੈਕਟਰੀ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਕੰਪਨੀ ਦੇ ਆਪਣੇ ਫਾਇਰ ਟੈਂਡਰ ਵੱਲੋਂ ਹੀ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਅੱਗ ’ਤੇ ਕਾਬੂ ਪਾ ਲਿਆ ਗਿਆ ਜਿਸ ਮਗਰੋਂ ਪੱਤਰਕਾਰਾਂ ਨੂੰ ਅੰਦਰ ਜਾਣ ਦੀ ਇਜ਼ਾਜਤ ਦਿੱਤੀ ਗਈ। ਕੰਪਨੀ ਪ੍ਰਬੰਧਕਾਂ ਨੇ ਦੱਸਿਆ ਕਿ ਅੱਗ ਕਾਰਨ ਵੱਡਾ ਨੁਕਸਾਨ ਨਹੀਂ ਹੋਇਆ ਤੇ ਪਲਾਂਟ ਵਿੱਚ ਖਾਲੀ ਥੈਲਿਆਂ ਨੂੰ ਅੱਗ ਲੱਗੀ ਸੀ। ਇਸੇ ਦੌਰਾਨ ਮੁਬਾਰਿਕਪੁਰ ਪੁਲੀਸ ਚੌਕੀ ਦੇ ਇੰਚਾਰਜ ਭਿੰਦਰ ਸਿੰਘ ਪੁਲੀਸ ਸਮੇਤ ਮੌਕੇ ’ਤੇ ਪਹੁੰਚ ਗਏ। ਕੰਪਨੀ ਦੇ ਅਧਿਕਾਰੀ ਜੀਐਸ ਪਾਠਕ ਨੇ ਦੱਸਿਆ ਕਿ ਅੱਗ ਕੰਪਨੀ ਦੇ ਚਾਰ ਮੰਜ਼ਿਲਾਂ ਏਸੀਐਫ ਪਲਾਂਟ ਦੀ ਪਹਿਲੀ ਮੰਜ਼ਿਲ ’ਤੇ ਖਾਲੀ ਪਏ ਥੈਲਿਆਂ ਨੂੰ ਲੱਗੀ ਤੇ ਸਮਾਂ ਰਹਿੰਦਿਆਂ ਅੱਗ ’ਤੇ ਕਾਬੂ ਪਾ ਲਿਆ ਗਿਆ। ਮੁਬਾਰਿਕਪੁਰ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ. ਭਿੰਦਰ ਸਿੰਘ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਏਗੀ। ਫਾਇਰ ਅਫਸਰ ਕੌਰ ਸਿੰਘ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕਰਨ ਮਗਰੋਂ ਹੀ ਕੁਝ ਕਿਹਾ ਜਾ ਸਕਦਾ ਹੈ। ਪੀਸੀਸੀਪੀਐਲ ਡੇਰਾਬੱਸੀ ਇਲਾਕੇ ਦੀ ਇਕ ਕੈਮੀਕਲ ਕੰਪਨੀ ਹੈ ਜਿਥੇ ਕਈ ਤਰ੍ਹਾਂ ਦੇ ਸਾਲਟ ਤਿਆਰ ਕੀਤੇ ਜਾਂਦੇ ਹਨ। ਇਹ ਕੈਮੀਕਲ ਕੰਪਨੀ ਮੁਬਾਰਿਕਪੁਰ ਰੋਡ ’ਤੇ ਸਥਿਤ ਹੈ ਜਿਸ ਦੇ ਬਿਲਕੁੱਲ ਨਾਲ ਸਿਲਵਰ ਸਿਟੀ ਸੁਸਾਇਟੀ, ਸਾਹਮਣੇ ਬੈਲਾ ਹੋਮਜ਼ ਸੁਸਾਇਟੀ ਤੋਂ ਇਲਾਵਾ ਕੁੱਝ ਦੂਰੀ ’ਤੇ ਆਸ਼ਿਆਨਾ ਕਲੋਨੀ, ਗੁਲਮੋਹਰ ਸਿਟੀ ਵਸਿਆ ਹੋਇਆ ਹੈ। ਅੱਗ ਦੀ ਖ਼ਬਰ ਸੁਣ ਕੇ ਵੱਡੀ ਗਿਣਤੀ ਲੋਕ ਕੰਪਨੀ ਦੇ ਬਾਹਰ ਇਕੱਠੇ ਹੋ ਗਏ।