ਪੁੱਡਾ ਦੇ ਮੁਲਾਜ਼ਮ ’ਤੇ ਸਰੀਰਕ ਸ਼ੋਸ਼ਣ ਦਾ ਦੋਸ਼

10

November

2018

ਐਸਏਐਸ ਨਗਰ (ਮੁਹਾਲੀ), ਪਿੰਡ ਕੁੰਭੜਾ ਦੀ ਇਕ ਔਰਤ ਨੇ ਪੁੱਡਾ ਦੇ ਮੁਲਾਜ਼ਮ ’ਤੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਇਨਸਾਫ਼ ਲਈ ਠੋਕਰਾਂ ਖਾ ਚੁੱਕੀ ਪੀੜਤ ਔਰਤ ਨੇ ਅੱਜ ਸਰਕਾਰੀ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨਾਲ ਤਾਲਮੇਲ ਕਰਕੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਮਗਰੋਂ ਪੀੜਤ ਨੇ ਸ਼ਿਕਾਇਤ ਦੀ ਇੱਕ ਕਾਪੀ ਸੈਂਟਰਲ ਥਾਣਾ ਫੇਜ਼-8 ਵਿੱਚ ਵੀ ਦਿੱਤੀ। ਉਧਰ, ਐਸਐਸਪੀ ਨੇ ਐਸਪੀ (ਸਿਟੀ) ਨੂੰ ਮਾਮਲੇ ਦੀ ਜਾਂਚ ਸੌਂਪੀ ਹੈ ਅਤੇ ਇਸ ਸਬੰਧੀ ਮਕਾਨ ਮਾਲਕ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਜਾਵੇਗਾ। ਐਸਐਸਪੀ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਔਰਤ ਨੇ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਪਿੰਡ ਕੁੰਭੜਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਉਸੇ ਇਮਾਰਤ ਵਿੱਚ ਇੱਕ ਨੌਜਵਾਨ ਆਪਣੀ ਮਾਂ ਅਤੇ ਭਰਾ ਦੇ ਨਾਲ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਹ ਕਮਰੇ ਵਿੱਚ ਇਕੱਲੀ ਰਹਿਣ ਕਾਰਨ ਗੁਆਂਢੀ ਕਿਰਾਏਦਾਰ ਨੇ ਉਸ ਦੇ ਕਮਰੇ ਵਿੱਚ ਆਉਣ ਜਾਣਾ ਸ਼ੁਰੂ ਕਰ ਦਿੱਤਾ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਬੰਧ ਬਣਾ ਲਏ। ਇਸ ਕਾਰਨ ਉਹ ਕਰੀਬ 12 ਸਾਲ ਪਹਿਲਾਂ ਗਰਭਵਤੀ ਹੋ ਗਈ ਸੀ ਅਤੇ 2 ਦਸੰਬਰ 2006 ਨੂੰ ਉਸ ਦੀ ਕੁੱਖੋ ਇੱਕ ਬੱਚੇ ਨੇ ਜਨਮ ਲਿਆ। ਪੀੜਤ ਔਰਤ ਨੇ ਦੱਸਿਆ ਕਿ ਜਦੋਂ ਵੀ ਉਕਤ ਨੌਜਵਾਨ ਨਾਲ ਵਿਆਹ ਕਰਵਾਉਣ ਲਈ ਜ਼ੋਰ ਪਾਉਂਦੀ ਸੀ ਤਾਂ ਉਹ ਉਸ ਨੂੰ ਖ਼ੁਦਕੁਸ਼ੀ ਕਰਨ ਦੀ ਧਮਕੀ ਦੇ ਕੇ ਚੁੱਪ ਕਰਵਾ ਦਿੰਦਾ ਸੀ। ਪੀੜਤ ਔਰਤ ਮੁਤਾਬਕ ਇਸ ਦੌਰਾਨ ਗੁਆਂਢੀ ਨੌਜਵਾਨ ਨੂੰ ਆਪਣੇ ਪਿਤਾ ਦੀ ਮੌਤ ਉਪਰੰਤ ਪੁੱਡਾ ਵਿੱਚ ਨੌਕਰੀ ਮਿਲ ਗਈ ਅਤੇ ਨੌਕਰੀ ਮਿਲਦਿਆਂ ਹੀ ਉਸ ਦੇ ਤੇਵਰ ਬਦਲ ਗਏ ਅਤੇ ਕਈ ਸਾਲ ਲਗਾਤਾਰ ਉਸ ਨਾਲ ਰਹਿਣ ਮਗਰੋਂ ਉਹ ਹੁਣ ਉਸ ਨੂੰ ਛੱਡ ਕੇ ਕਿਸੇ ਅਣਦੱਸੀ ਥਾਂ ’ਤੇ ਰਹਿਣ ਲੱਗ ਪਿਆ ਹੈ। ਪੀੜਤ ਔਰਤ ਨੇ ਦੱਸਿਆ ਕਿ ਪਿੰਡ ਕੁੰਭੜਾ ਵਿੱਚ ਬੀਐਲਓ ਵਜੋਂ ਡਿਊਟੀ ਕਰ ਚੁੱਕੇ ਉਕਤ ਨੌਜਵਾਨ ਨੇ ਸਰਕਾਰੀ ਰਿਕਾਰਡ ਵਿੱਚ ਦਸਤਖ਼ਤ ਕਰਕੇ ਉਸ ਦੇ ਨਾਲ ਪਤੀ-ਪਤਨੀ ਵਜੋਂ ਵੋਟਰ ਕਾਰਡ ਤੇ ਆਧਾਰ ਕਾਰਡ ਬਣਾਏ ਸਨ। ਇਹੀ ਨਹੀਂ ਨੌਜਵਾਨ ਨੇ ਆਪਣੀ ਬਾਂਹ ਉੱਤੇ ਵੀ ਉਸ (ਪੀੜਤ ਔਰਤ) ਦਾ ਨਾਮ ਖੁਣਵਾਇਆ ਹੋਇਆ ਹੈ।