ਸ਼੍ਰੋਮਣੀ ਅਕਾਲੀ ਦਲ ਤੇ ਬਾਗ਼ੀਆਂ ਵਿਚਾਲੇ ਦੂਸ਼ਣਬਾਜ਼ੀ

06

November

2018

ਅੰਮ੍ਰਿਤਸਰ, ਮਾਝੇ ਦੇ ਟਕਸਾਲੀ ਅਕਾਲੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤਬਦੀਲੀ ਲਈ ਬਜਾਏ ਬਿਗਲ ਤੋਂ ਬਾਅਦ ਪਾਰਟੀ ਆਗੂਆਂ ਨੇ ਬਾਗੀਆਂ ਖ਼ਿਲਾਫ਼ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ ਹੈ। ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਵੱਲੋਂ ਦਿੱਤੇ ਅਸਤੀਫੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੇਖਵਾਂ ਨੂੰ ਪਾਰਟੀ ਵਿਚੋਂ ਕੱਢਣ ਦੇ ਕੀਤੇ ਫੈਸਲੇ ਮਗਰੋਂ ਅੱਜ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਚੋਹਲਾ ਸਾਹਿਬ ਹਲਕੇ ਵਿਚ ਵਰਕਰ ਮੀਟਿੰਗ ਕੀਤੀ, ਜੋ ਇਕ ਵੱਡੀ ਰੈਲੀ ਦਾ ਰੂਪ ਧਾਰ ਗਈ। ਇਸ ਰੈਲੀ ’ਚ ਪਾਰਟੀ ਨੂੰ ਨੁਕਸਾਨ ਲਈ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸਿਆ ਗਿਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ, ਜਨਰਲ ਸਕੱਤਰ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਅਤੇ ਸਾਬਕਾ ਕਾਰਜਕਾਰੀ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਰਣਜੀਤ ਸਿੰਘ ਬ੍ਰਹਮਪੁਰਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਥੇ ਦੱਸਣਯੋਗ ਹੈ ਕਿ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਗੁਰਬਚਨ ਸਿੰਘ ਕਰਮੂੰਵਾਲਾ ਸ੍ਰੀ ਬ੍ਰਹਮਪੁਰਾ ਦੇ ਨੇੜਲੇ ਸਾਥੀ ਰਹੇ ਹਨ। ਇਨ੍ਹਾਂ ਅਕਾਲੀ ਆਗੂਆਂ ਨੇ ਇਕ ਸਾਂਝੇ ਬਿਆਨ ਰਾਹੀਂ ਆਖਿਆ ਕਿ 2012 ਦੀਆਂ ਵਿਧਾਨ ਸਭਾ ਚੋਣਾਂ, 2014 ਦੀਆਂ ਲੋਕ ਸਭਾ ਚੋਣਾਂ, 2016 ਦੀ ਜ਼ਿਮਨੀ ਚੋਣ ਅਤੇ 2017 ਦੀ ਵਿਧਾਨ ਸਭਾ ਚੋਣ ਬ੍ਰਹਮਪੁਰਾ ਪਰਿਵਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲੜ ਚੁੱਕਾ ਹੈ। ਪਰ ਉਸ ਵੇਲੇ ਉਨ੍ਹਾਂ ਕਦੇ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਵਿਰੋਧ ਨਹੀਂ ਕੀਤਾ ਸੀ। 2012 ਵਿਚ ਜਦੋਂ ਦੂਜੀ ਵਾਰ ਲਗਾਤਾਰ ਸੂਬੇ ਵਿਚ ਅਕਾਲੀ ਸਰਕਾਰ ਬਣੀ ਸੀ ਤਾਂ ਉਸ ਵੇਲੇ ਸ੍ਰੀ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਦੀ ਭਰਵੀਂ ਸ਼ਲਾਘਾ ਕੀਤੀ ਸੀ। ਉਨ੍ਹਾਂ ਆਖਿਆ ਕਿ ਉਸ ਵੇਲੇ ਸ੍ਰੀ ਬ੍ਰਹਮਪੁਰਾ ਚੋਣ ਹਾਰ ਗਏ ਸਨ ਅਤੇ ਮਗਰੋਂ 2014 ਵਿਚ ਤਰਨ ਤਾਰਨ ਲੋਕ ਸਭਾ ਹਲਕੇ ਤੋਂ ਤਤਕਾਲੀ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੀ ਥਾਂ ’ਤੇ ਉਨ੍ਹਾਂ ਨੂੰ ਟਿਕਟ ਦੇ ਕੇ ਚੋਣ ਲੜਾਈ ਗਈ ਸੀ। ਉਨ੍ਹਾਂ ਆਖਿਆ ਕਿ ਉਸ ਵੇਲੇ ਵੀ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਉਹ ਹੁਣ ਅਕਾਲੀ ਆਗੂ, ਵਿਰੋਧੀਆਂ ਦੇ ਧੱਕੇ ਚੜ੍ਹ ਕੇ ਪਾਰਟੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਅੱਜ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਮੇਤ ਬਾਦਲ ਵਿਰੋਧੀ ਧਿਰਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦਾ ਵਿਰੋਧ ਕਰ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਵੇਲੇ ਬ੍ਰਹਮਪੁਰਾ ਪਰਿਵਾਰ ਵੀ ਇਹੀ ਕੁਝ ਕਰ ਰਿਹਾ ਹੈ। ਅਕਾਲੀ ਆਗੂਆਂ ਨੇ ਆਖਿਆ ਕਿ ਇਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਸੁਰ ਕਿਨ੍ਹਾਂ ਲੋਕਾਂ ਨਾਲ ਮਿਲ ਰਹੀ ਹੈ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿਵਾਉਣ ਸਬੰਧੀ ਲਾਏ ਦੋਸ਼ਾਂ ਬਾਰੇ ਅਕਾਲੀ ਆਗੂਆਂ ਨੇ ਆਖਿਆ ਕਿ ਉਹ ਗੁਰੂ ਸਾਹਿਬ ਦੇ ਸਥਾਨ ਚੋਹਲਾ ਸਾਹਿਬ ਵਿਖੇ ਜਾ ਕੇ ਲੋਕਾਂ ਨਾਲ ਝੂਠ ਬੋਲ ਰਹੇ ਹਨ, ਕਿਉਂਕਿ ਇਸ ਮਾਮਲੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣ ਦੇਣ ਨਹੀਂ ਸੀ। ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਹਿਲਾਂ ਹੀ ਸੰਗਤ ਤੋਂ ਮੁਆਫ਼ੀ ਮੰਗ ਚੁੱਕੇ ਹਨ। ਪਰਿਵਾਰਵਾਦ ਦੇ ਲਾਏ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ 2016 ਦੀ ਜ਼ਿਮਨੀ ਚੋਣ ਵਿਚ ਸ੍ਰੀ ਬ੍ਰਹਮਪੁਰਾ ਆਪਣੇ ਬੇਟੇ ਨੂੰ ਵਿਧਾਇਕ ਬਣਾ ਚੁੱਕੇ ਹਨ। ਇਸੇ ਤਰ੍ਹਾਂ ਕਈ ਰਿਸ਼ਤੇਦਾਰਾਂ ਨੂੰ ਚੇਅਰਮੈਨੀ ਅਤੇ ਹੋਰ ਅਹੁਦੇ ਦੁਆ ਚੱਕੇ ਹਨ। ਉਨ੍ਹਾਂ ਨੂੰ ਉਦੋਂ ਪਰਿਵਾਰਵਾਦ ਯਾਦ ਨਹੀਂ ਆਇਆ?