ਜ਼ੀਰਕਪੁਰ ਵਿੱਚ ਡਿਸਕੋ ਵਾਲਿਆਂ ਦੇ ਹੌਸਲੇ ਮੁੜ ਬੁਲੰਦ

06

November

2018

ਜ਼ੀਰਕਪੁਰ, ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਦਰੁਸਤ ਕਰਨ ਲਈ ਸਥਾਨਕ ਡਿਸਕੋਜ਼ ਨੂੰ ਰਾਤ 12 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਨੂੰ ਲਾਗੂ ਕਰਨ ਵਿੱਚ ਹੁਣ ਮੁੜ ਤੋਂ ਜ਼ੀਰਕਪੁਰ ਪੁਲੀਸ ਨੇ ਕਥਿਤ ਤੌਰ ’ਤੇ ਢਿੱਲ ਵਰਤਣੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਿੱਚ ਕੁੱਲ ਛੇ ਡਿਸਕੋਜ਼ ਵਿਚੋਂ ਲੰਘੀ ਰਾਤ ਦੋ ਡਿਸਕੋਜ਼ ਵੱਲੋਂ ਨਿਯਮਾਂ ਦੀ ਧੱਜੀਆਂ ਉਡਾਉਂਦੇ ਹੋਏ ਤੜਕੇ ਚਾਰ ਵਜੇ ਤੱਕ ਪਾਰਟੀ ਕੀਤੀ ਗਈ। ਇਥੇ ਹੀ ਬੱਸ ਨਹੀਂ ਡਿਸਕੋਜ਼ ਦੇ ਪ੍ਰਬੰਧਕਾਂ ਨੇ ਤੜਕੇ ਤੱਕ ਪਾਰਟੀਆਂ ਦੀ ਲਾਈਵ ਵੀਡੀਓ ਫੇਸਬੁੱਕ ’ਤੇ ਚਲਾ ਕੇ ਪੁਲੀਸ ਤੇ ਪ੍ਰਸ਼ਾਸਨ ਨੂੰ ਚੁਣੌਤੀ ਵੀ ਦਿੱਤੀ। ਜ਼ਿਕਰਯੋਗ ਹੈ ਕਿ ਡਿਸਕੋਜ਼ ਵਿੱਚ ਉੱਚੀ ਆਵਾਜ਼ ਵਿੱਚ ਡੀਜੇ ਲਗਾ ਕੇ ਪਾਰਟੀਆਂ ਕੀਤੀ ਜਾਂਦੀਆਂ ਹਨ। ਕਈ ਵਾਰ ਇਨ੍ਹਾਂ ਡਿਸਕੋਜ਼ ਦੇ ਬਾਹਰ ਨੌਜਵਾਨ ਆਪਸ ਵਿੱਚ ਭਿੜਦੇ ਵੀ ਰਹਿੰਦੇ ਹਨ ਤੇ ਖੂਨੀ ਝੜਪਾਂ ਵੀ ਹੋ ਚੁੱਕੀਆਂ ਹਨ। ਇਸ ਤੋਂ ਤੰਗ ਆ ਕੇ ਸ਼ਹਿਰ ਵਾਸੀਆਂ ਨੇ ਡਿਸਕੋਜ਼ ਨੂੰ ਰਾਤ 12 ਵਜੇ ਬੰਦ ਕਰਨ ਦੀ ਮੰਗ ਕੀਤੀ ਸੀ। ਇਸ ਮਗਰੋਂ ਪੁਲੀਸ ਵੱਲੋਂ ਸਖ਼ਤੀ ਵਰਤਣੀ ਸ਼ੁਰੂ ਕੀਤੀ ਗਈ ਸੀ ਤੇ ਸ਼ੁਰੂਆਤੀ ਦੌਰ ਵਿੱਚ ਡਿਸਕੋਜ਼ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਸਨ ਤੇ ਰੁਟੀਨ ਵਿੱਚ ਚੈਕਿੰਗ ਵੀ ਹੁੰਦੀ ਰਹੀ ਸੀ। ਹੁਣ ਲੰਘੇ ਦੋ ਹਫ਼ਤਿਆਂ ਤੋਂ ਪੁਲੀਸ ਦੀ ਕਾਰਵਾਈ ਢਿੱਲੀ ਪੈਣ ਲੱਗ ਪਈ ਹੈ। ਥਾਣਾ ਮੁਖੀ ਵੱਲੋਂ ਜਾਂਚ ਦਾ ਭਰੋਸਾ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਰਾਤ ਨੂੰ ਪੁਲੀਸ ਵੱਲੋਂ ਨਿਰਧਾਰਤ ਸਮੇਂ ’ਤੇ ਡਿਸਕੋਜ਼ ਬੰਦ ਕਰਵਾ ਦਿੱਤੇ ਜਾਂਦੇ ਹਨ। ਇਸ ਦੇ ਬਾਵਜੂਦ ਜੇਕਰ ਕਿਸੇ ਡਿਸਕੋ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਤਾਂ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ। ਇਸੇ ਦੌਰਾਨ ਡਿਪਟੀ ਕਮਿਸ਼ਨਰ (ਮੁਹਾਲੀ) ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਐਸਐਸਪੀ ਨੂੰ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕਰਨ ਲਈ ਕਿਹਾ ਜਾਵੇਗਾ।