Arash Info Corporation

ਹਿੰਦੁਸਤਾਨ ਇਲੈਕਟਰੌਡ ਕੰਪਨੀ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ

03

November

2018

ਡੇਰਾਬਸੀ, ਜਨੇਤਪੁਰ ਸਥਿਤ ਹਿੰਦੁਸਤਾਨ ਇਲੈਕਟਰੌਡ ਕੰਪਨੀ ਵਿੱਚ ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਮੁਲਾਜ਼ਮਾਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਹ ਕਾਰਵਾਈ ਮ੍ਰਿਤਕ ਮੁਲਾਜ਼ਮ ਗੁਰਦਿਆਲ ਸਿੰਘ ਦੇ ਲੜਕੇ ਦੀ ਸ਼ਿਕਾਇਤ ’ਤੇ ਕੀਤੀ ਹੈ। ਦੋਵੇਂ ਮੁਲਾਜ਼ਮਾਂ ਦੀ ਮੌਤ ਕੰਪਨੀ ਵਿੱਚ ਕੈਮੀਕਲ ਵੇਸਟ ਗਟਰ ਦੀ ਸਫਾਈ ਲਈ ਢੱਕਣ ਖੋਲ੍ਹਣ ਨਾਲ ਗੈਸ ਚੜ੍ਹਨ ਕਾਰਨ ਬੀਤੇ ਦਿਨ ਹੋਈ ਸੀ। ਫੈਕਟਰੀ ਵਿਚ ਵੈਲਡਿੰਗ ਦੀ ਰਾਡਾਂ ਤਿਆਰ ਕੀਤੀ ਜਾਂਦੀਆਂ ਹਨ। ਹਾਦਸੇ ਦੀ ਖ਼ਬਰ ਮਿਲਣ ਮਗਰੋਂ ਮਾਮਲੇ ਦੀ ਸਵੈ-ਨੋਟਿਸ ਲੈਂਦਿਆਂ ਐਸਈਐਸਟੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਨੇ ਮੌਕੇ ਦਾ ਦੌਰਾ ਕਰ ਕੇ ਪੂਰੀ ਜਾਣਕਾਰੀ ਹਾਸਲ ਕੀਤੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਦਿਆਲ ਸਿੰਘ ਦੇ ਮੁੰਡੇ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ 30 ਸਾਲਾਂ ਤੋਂ ਕੰਪਨੀ ਵਿਚ ਮਸ਼ੀਨ ਮੇਨਟੇਨੈਂਸ ਦਾ ਕੰਮ ਕਰਦਾ ਸੀ। ਲੰਘੇ ਕੱਲ੍ਹ ਪ੍ਰਬੰਧਕਾਂ ਵੱਲੋਂ ਉਸ ਦੇ ਪਿਤਾ ਗੁਰਦਿਆਲ ਸਿੰਘ ਤੇ ਦੋ ਹੋਰ ਮੁਲਾਜ਼ਮਾਂ ਮੁੰਨਾ ਪ੍ਰਸਾਦ ਅਤੇ ਰਣਜੀਤ ਸਿੰਘ ਨੂੰ ਕੈਮੀਕਲ ਵੇਸਟ ਦੇ ਗਟਰ ਦਾ ਢੱਕਣ ਖੋਲ੍ਹ ਕੇ ਸਫਾਈ ਕਰਨ ਲਈ ਆਖਿਆ। ਜਦੋਂ ਉਨ੍ਹਾਂ ਵੱਲੋਂ ਢੱਕਣ ਖੋਲ੍ਹਿਆ ਗਿਆ ਤਾਂ ਗੈਸ ਚੜ੍ਹਨ ਨਾਲ ਤਿੰਨੇ ਜਣੇ ਬੇਹੋਸ਼ ਹੋ ਗਏ। ਸਿਵਲ ਹਸਪਤਾਲ ਵਿੱਚ ਉਸ ਦੇ ਪਿਤਾ ਗੁਰਦਿਆਲ ਸਿੰਘ ਅਤੇ ਮੁੰਨਾ ਪ੍ਰਸਾਦ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਰਣਜੀਤ ਸਿੰਘ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਹ ਹਾਦਸਾ ਕੰਪਨੀ ਦੇ ਪ੍ਰਬੰਧਕਾਂ ਦੀ ਕਥਿਤ ਲਾਪ੍ਰਵਾਹੀ ਕਾਰਨ ਵਾਪਰਿਆ।