ਲੁਟੇਰਿਆਂ ਨੇ ਪਰਵਾਸੀ ਮਜ਼ਦੂਰਾਂ ਤੋਂ ਨਗਦੀ ਤੇ ਮੋਬਾਈਲ ਫੋਨ ਲੁੱਟੇ

03

November

2018

ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਸੈਕਟਰ-94 ਵਿੱਚ ਵੀਰਵਾਰ ਦੇਰ ਰਾਤ ਲੁਟੇਰਿਆਂ ਨੇ ਇੱਕ ਟਰੱਕ ਚਾਲਕ ਅਤੇ ਮਜ਼ਦੂਰਾਂ ਤੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਕਈ ਮੋਬਾਈਲ ਫੋਨ ਖੋਹ ਲਏ। ਸੂਚਨਾ ਮਿਲਦੇ ਹੀ ਸੋਹਾਣਾ ਥਾਣੇ ਦੇ ਐਸਐਚਓ ਤਰਲੋਚਨ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਲੁਟੇਰਿਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਸੈਕਟਰ-94 ਵਿੱਚ ਕੁੱਝ ਲੁਟੇਰੇ ਕਲੋਨੀ ਵਿੱਚ ਪਹੁੰਚ ਗਏ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਕਲੋਨੀ ਦੇ ਸੁਰੱਖਿਆ ਗਾਰਡ ਨੂੰ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਜੇਬ ’ਚੋਂ ਨਗਦੀ ਕੱਢ ਲਈ। ਇਸ ਉਪਰੰਤ ਲੁਟੇਰੇ ਇਸ ਇਲਾਕੇ ਵਿੱਚ ਬਣ ਰਹੀਆਂ ਨਵੀਆਂ ਕੋਠੀਆਂ ਵੱਲ ਚਲੇ ਗਏ ਜਿੱਥੇ ਲੁਟੇਰਿਆਂ ਨੇ ਉਸਾਰੀ ਅਧੀਨ ਕੋਠੀਆਂ ਵਿੱਚ ਰਹਿ ਰਹੇ ਪਰਵਾਸੀ ਮਜ਼ਦੂਰਾਂ ਤੋਂ ਨਗਦੀ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਖੋਹ ਲਏ। ਇਸ ਦੌਰਾਨ ਜਦੋ ਲੁਟੇਰੇ ਵਾਪਸ ਜਾ ਰਹੇ ਸਨ ਤਾਂ ਰਸਤੇ ਵਿੱਚ ਆ ਰਹੇ ਇੱਕ ਰੇਤਾ ਬਜਰੀ ਦੇ ਟਰੱਕ ਚਾਲਕ ਨੇ ਲੁਟੇਰਿਆਂ ਤੋਂ ਕਿਸੇ ਦਾ ਪਤਾ ਪੁੱਛਿਆ ਤਾਂ ਲੁਟੇਰਿਆਂ ਨੇ ਚਾਲਕ ਨੂੰ ਟਰੱਕ ਤੋਂ ਥੱਲੇ ਉਤਾਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਟਰੱਕ ਚਾਲਕ ਕੋਲੋਂ 60 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਇਨ੍ਹਾਂ ’ਚ 50 ਹਜ਼ਾਰ ਟਰੱਕ ਮਾਲਕ ਦੇ ਅਤੇ 10 ਹਜ਼ਾਰ ਰੁਪਏ ਉਸ ਦੇ ਆਪਣੇ ਸਨ। ਸੁਰੱਖਿਆ ਗਾਰਡ ਨੇ ਕਿਸੇ ਤਰੀਕੇ ਨਾਲ ਸਥਾਨਕ ਵਸਨੀਕ ਦਲਜੀਤ ਸਿੰਘ ਪਟਵਾਰੀ ਨੂੰ ਫੋਨ ’ਤੇ ਲੁੱਟ-ਖੋਹ ਬਾਰੇ ਇਤਲਾਹ ਦਿੱਤੀ। ਪਟਵਾਰੀ ਨੇ ਮੌਕੇ ’ਤੇ ਪਹੁੰਚ ਕੇ ਸੁਰੱਖਿਆ ਗਾਰਡ ਨੂੰ ਖੋਲ੍ਹਿਆ। ਇਸ ਮਗਰੋਂ ਉਸ ਨੇ 100 ਨੰਬਰ ’ਤੇ ਫੋਨ ਕਰਕੇ ਮੁਹਾਲੀ ਪੁਲੀਸ ਦੇ ਕੰਟਰੋਲ ਰੂਮ ਵਿੱਚ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਫੋਨ ਨਹੀਂ ਮਿਲਿਆ। ਬਾਅਦ ਵਿੱਚ ਕੁਝ ਲੋਕਾਂ ਨੇ ਲਾਂਡਰਾਂ ਚੌਕ ਵਿੱਚ ਖੜ੍ਹੀ ਪੀਸੀਆਰ ਨਾਲ ਤਾਲਮੇਲ ਕਰਕੇ ਸਾਰੀ ਗੱਲ ਦੱਸੀ ਪਰ ਪੀਸੀਆਰ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸੋਹਾਣਾ ਥਾਣੇ ਨਾਲ ਸੰਪਰਕ ਕਰਨ ਲਈ ਕਿਹਾ। ਇਸ ਤਰ੍ਹਾਂ ਬਾਅਦ ਵਿੱਚ ਪੁਲੀਸ ਘਟਨਾ ਸਥਾਨ ’ਤੇ ਪਹੁੰਚੀ ਪਰ ਉਦੋਂ ਤੱਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ।