Arash Info Corporation

‘ਕਾਂਚਾ ਇਲੱਈਆ’ ਦੀਆਂ ਕਿਤਾਬਾਂ ਕੋਰਸ ਵਿੱਚੋਂ ਕੱਢਣ ਖ਼ਿਲਾਫ਼ ਮੁਜ਼ਾਹਰਾ

31

October

2018

ਨਵੀਂ ਦਿੱਲੀ, ‘ਕਾਂਚਾ ਇਲੱਈਆ’ ਦੀਆਂ ਕਿਤਾਬਾਂ ਕੋਰਸ ਵਿੱਚੋਂ ਕੱਢਣ ਦੀ ਮੁਹਿੰਮ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਸੀ) ਤੇ ਹੋਰ ਜਥੇਬੰਦੀਆਂ ਵੱਲੋਂ ਹਿੱਸਾ ਲਿਆ। ਇਹ ਰੋਸ ਪ੍ਰਦਰਸ਼ਨ ਕਰਕੇ ‘ਕਾਂਚਾ ਇਲੈਯਾ’ ਦੀਆਂ ਕਿਤਾਬਾਂ ਕੋਰਸ ਵਿੱਚੋਂ ਕੱਢਣ ਖ਼ਿਲਾਫ਼ ਵਿਦਿਆਰਥੀਆਂ ਨੇ ਪ੍ਰਸ਼ਾਸਨ ਨੂੰ ਕੋਸਿਆ ਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਦਲਿਤਾਂ ਖ਼ਿਲਾਫ਼ ਦੱਸਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬ੍ਰਾਹਮਣਵਾਦੀ ਸੋਚ ਨੂੰ ਯੂਨੀਵਰਸਿਟੀਆਂ ਉਪਰ ਥੋਪਿਆ ਜਾ ਰਿਹਾ ਹੈ ਤੇ ਦਲਿਤ ਆਵਾਜ਼ਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਡੀਯੂ ਕਰ ਰਹੀ ਹੈ। ਦਲਿਤ ਲੇਖਕ ਕਾਂਚਾ ਇਲੱਈਆ ਦੀਆਂ ਕਿਤਾਬਾਂ ਐੱਮਏ ਰਾਜਨੀਤੀਕ ਵਿਗਿਆਨ ਕੋਰਸ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਇਹ ਪ੍ਰਦਰਸ਼ਨ ਆਰਟਸ ਫੈਕਲਟੀ ਵਿੱਚ ਕੀਤਾ ਗਿਆ। ਇਹ ਕਿਤਾਬਾਂ ‘ਬੁੱਧਾ ਚੈਲੇਂਜ ਟੂ ਬ੍ਰਾਹਮਣਇਜ਼ਮ’, ‘ਵਾਈ ਆਈ ਐਮ ਨਾਟ ਹਿੰਦੂ’ ਤੇ ‘ਪੋਸਟ ਹਿੰਦੂ ਇੰਡੀਆ’ (ਰੇਫਰੇਂਸ ਕਿਤਾਬ) ਨੂੰ ਪਾਠਕਰਮ ਵਿੱਚੋਂ ਹਟਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ ਜੋ ਕਥਿਤ ਤੌਰ ’ਤੇ ਹਿੰਦੂ ਧਰਮ ਦਾ ਅਪਮਾਨ ਕਰਦੀਆਂ ਹਨ। ਇਨ੍ਹਾਂ ਕਿਤਾਬਾਂ ਨੂੰ ਕੋਰਸ ਵਿੱਚੋਂ ਹਟਾਉਣ ਦੀ ਸਿਫ਼ਾਰਸ਼ ਡੀਯੂ ਦੀ ਅਕਾਦਮਿਕ ਮਾਮਲਿਆਂ ਦੀ ਸਟੈਂਡਿੰਗ ਕਮੇਟੀ ਵੱਲੋਂ ਕੀਤੀ ਗਈ ਸੀ। ਕੇਵਾਈਸੀ ਦੇ ਆਗੂਆਂ ਨੇ ਕਿਹਾ ਕਿ ਇਸ ਤੋਂ ਸਾਫ਼ ਹੁੰਦਾ ਹੈ ਕਿ ਜੋ ਵਿਚਾਰ ਭਾਜਪਾ-ਆਰਐੱਸਐੱਸ ਦੇ ਵਿਚਾਰਾਂ ਦੇ ਖ਼ਿਲਾਫ਼ ਹਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਿੱਖਿਆ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਤਰਕ ਦਿੱਤਾ ਗਿਆ ਹੈ ਕਿ ‘ਦਲਿਤ’ ਸ਼ਬਦ ਅਸੰਵਿਧਾਨਕ ਹੈ, ਇਸ ਲਈ ਇਸ ਨੂੰ ਹਟਾਇਆ ਜਾਵੇ, ਇਸ ਤਰਕ ਦੀ ਵੀ ਵਿਦਿਆਰਥੀਆਂ ਨੇ ਨਿੰਦਾ ਕੀਤੀ। ਵਿਦਿਆਰਥੀ ਸੰਗਠਨ ਵੱਲੋਂ ਭਲਕੇ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।