Arash Info Corporation

ਰੇਲ ਹਾਦਸਾ: ਮਿੱਠੂ ਮਦਾਨ ਕੋਲੋਂ ਚਾਰ ਘੰਟੇ ਪੁੱਛ-ਪੜਤਾਲ

31

October

2018

ਅੰਮ੍ਰਿਤਸਰ, ਰੇਲ ਹਾਦਸੇ ਦੀ ਚੱਲ ਰਹੀ ਮੈਜਿਸਟਰੇਟ ਜਾਂਚ ਦੌਰਾਨ ਅੱਜ ਇੱਥੇ ਨਗਰ ਸੁਧਾਰ ਟਰਸੱਟ ਦੇ ਦਫ਼ਤਰ ਵਿਚ ਬਣੇ ਜਾਂਚ ਦਫ਼ਤਰ ਵਿਚ ਦਸਹਿਰੇ ਦਾ ਪ੍ਰਬੰਧ ਕਰਨ ਵਾਲੇ ਸੌਰਵ ਮਿੱਠੂ ਮਦਾਨ ਨੇ ਆਪਣੇ ਬਿਆਨ ਕਲਮਬੰਦ ਕਰਾਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਤਹਿਤ ਜਲੰਧਰ ਡਿਵੀਜ਼ਨ ਕਮਿਸ਼ਨਰ ਬੀ ਪੁਰਸ਼ਾਰਥਾ ਦੀ ਅਗਵਾਈ ਹੇਠ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅੱਜ ਜਾਂਚ ਕਮੇਟੀ ਵੱਲੋਂ ਦੁਸਹਿਰਾ ਸਮਾਗਮ ਦੇ ਪ੍ਰਬੰਧਕ ਮਿੱਠੂ ਮਦਾਨ ਕੋਲੋਂ ਲਗਭਗ ਚਾਰ ਘੰਟੇ ਪੁੱਛ-ਗਿੱਛ ਕੀਤੀ ਗਈ ਹੈ। ਪੁੱਛ-ਗਿੱਛ ਮਗਰੋਂ ਜਦੋਂ ਉਹ ਬਾਹਰ ਆਇਆ ਤਾਂ ਘਬਰਾਇਆ ਹੋਇਆ ਜਾਪ ਰਿਹਾ ਸੀ। ਉਸ ਨੇ ਦੱਸਿਆ ਕਿ ਜਾਂਚ ਕਮੇਟੀ ਵਲੋਂ ਜੋ ਵੀ ਦਸਤਾਵੇਜ਼ ਮੰਗੇ ਗਏ ਸਨ, ਉਹ ਉਸਨੇ ਦੇ ਦਿੱਤੇ ਹਨ ਤੇ ਜੋ ਸਵਾਲ ਉਸ ਕੋਲੋਂ ਪੁੱਛੇ ਸਨ, ਉਸ ਨੇ ਉਨ੍ਹਾਂ ਦਾ ਜਵਾਬ ਵੀ ਦੇ ਦਿੱਤਾ ਹੈ, ਪਰ ਉਸ ਨੇ ਇਹ ਦੱਸਣ ਤੋਂ ਇਨਕਾਰ ਕੀਤਾ ਕਿ ਕਿਹੜੇ ਦਸਤਾਵੇਜ਼ ਜਾਂਚ ਕਮੇਟੀ ਨੂੰ ਸੌਂਪੇ ਹਨ ਅਤੇ ਕਿਹੜੇ ਸਵਾਲ ਉਸ ਕੋਲੋਂ ਪੁੱਛੇ ਗਏ। ਜਾਂਚ ਕਮੇਟੀ ਕੋਲ ਪੇਸ਼ ਹੋਣ ਤੋਂ ਬਾਅਦ ਉਹ ਤੁਰੰਤ ਨਗਰ ਸੁਧਾਰ ਟਰਸੱਟ ਦੇ ਦਫ਼ਤਰ ਵਿਚੋਂ ਚਲਾ ਗਿਆ। ਇੱਥੇ ਨਗਰ ਸੁਧਾਰ ਟਰਸੱਟ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਜਿੱਥੇ ਪੰਜਾਬ ਪੁਲੀਸ ਅਤੇ ਰੈਪਿਡ ਐਕਸ਼ਨ ਫੋਰਸ ਤਾਇਨਾਤ ਸੀ। ਇਸ ਤੋਂ ਇਲਾਵਾ ਜਾਂਚ ਦਫ਼ਤਰ ਨੂੰ ਆਉਣ ਵਾਲੇ ਰਸਤਿਆਂ ਤੇ ਬੈਰੀਕੇਡ ਵੀ ਲਾਏ ਸਨ, ਪਰ ਇਸ ਦੇ ਬਾਵਜੂਦ ਮਿੱਠੂ ਮਦਾਨ ਨਾਲ ਕੁਝ ਬਾਊਂਸਰ ਉਸ ਦੀ ਸੁਰੱਖਿਆ ਲਈ ਆਏ ਹੋਏ ਸਨ। ਦੱਸਣਯੋਗ ਹੈ ਕਿ ਰੇਲ ਹਾਦਸਾ ਵਾਪਰਨ ਤੋਂ ਬਾਅਦ ਮਿੱਠੂ ਮਦਾਨ ਤੇ ਉਸ ਦਾ ਪਰਿਵਾਰ ਰੂਪੋਸ਼ ਹੋ ਗਏ ਸਨ। ਅੱਜ ਬਿਆਨ ਕਲਮਬੰਦ ਕਰਵਾਉਣ ਵੇਲੇ ਮਿੱਠੂ ਮਦਾਨ ਨਾਲ ਉਸ ਦੇ ਪਿਤਾ ਰਮਨ ਮਦਾਨ, ਮਾਤਾ ਵਿਜੇ ਮਦਾਨ ਤੇ ਭਰਾ ਆਦਿ ਵੀ ਸਨ। ਇਸ ਦੌਰਾਨ ਦਸਹਿਰਾ ਕਮੇਟੀ ਈਸਟ ਦੇ ਪੰਜ ਹੋਰ ਮੈਂਬਰਾਂ ਵੱਲੋਂ ਵੀ ਆਪਣੇ ਬਿਆਨ ਕਲਮਬੰਦ ਕਰਾਏ ਗਏ ਹਨ। ਇਸੇ ਤਰ੍ਹਾਂ ਰੇਲਵੇ ਵਿਭਾਗ ਵੱਲੋਂ ਨਿਯੁਕਤ ਕੀਤੇ ਨੁਮਾਇੰਦੇ ਵਜੋਂ ਅਧਿਕਾਰੀ ਪਾਰਸ ਅਤੇ ਸੁਰੱਖਿਆ ਅਧਿਕਾਰੀ ਦਯਾਨੰਦ ਨੇ ਬਿਆਨ ਦਿੱਤੇ ਹਨ। ਇਨ੍ਹਾਂ ਨੂੰ ਫਿਰੋਜ਼ਪੁਰ ਮੰਡਲ ਦੇ ਡੀਆਰਐਮ ਵੱਲੋਂ ਇਸ ਮਾਮਲੇ ਲਈ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਇਸੇ ਤਰ੍ਹਾਂ ਮੋਹਕਮਪੁਰਾ ਥਾਣੇ ਦੇ ਐਸਐਚਓ ਅਤੇ ਸਾਂਝ ਕੇਂਦਰ ਦੇ ਇੰਚਾਰਜ, ਜਿਸ ਦੇ ਅਧਿਕਾਰ ਖੇਤਰ ਹੇਠ ਇਹ ਹਾਦਸੇ ਵਾਲਾ ਇਲਾਕਾ ਆਉਂਦਾ ਹੈ, ਨੇ ਵੀ ਬਿਆਨ ਦਿੱਤੇ ਹਨ। ਇਸੇ ਤਰ੍ਹਾਂ ਰੇਲ ਹਾਦਸੇ ਦੇ ਸ਼ਿਕਾਰ ਵਿਅਕਤੀਆਂ ਦੇ ਦੋ ਰਿਸ਼ਤੇਦਾਰਾਂ ਨੇ ਵੀ ਬਿਆਨ ਕਲਮਬੰਦ ਕਰਾਏ ਹਨ। ਜਾਂਚ ਕਮਿਸ਼ਨਰ ਸ੍ਰੀ ਪੁਰਸ਼ਾਰਥਾ ਨੇ ਦੱਸਿਆ ਕਿ ਹੁਣ ਤਕ ਇਸ ਮਾਮਲੇ ਵਿਚ 75 ਚਸ਼ਮਦੀਦ ਤੇ 30 ਹੋਰ ਵਿਅਕਤੀਆਂ ਸਮੇਤ ਲਗਭਗ 35 ਸਰਕਾਰੀ ਅਧਿਕਾਰੀਆਂ ਦੇ ਬਿਆਨ ਕਲਮਬੰਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਭਲਕੇ ਕੁਝ ਹੋਰ ਵਿਅਕਤੀਆਂ ਨੂੰ ਵੀ ਸੰਮਨ ਭੇਜੇ ਗਏ ਹਨ।