ਧੀ ਦੀ ਡੋਲੀ ਹੱਥੀਂ ਨਾ ਤੋਰ ਸਕਿਆ ਪਰਿਵਾਰ

31

October

2018

ਚੰਡੀਗੜ੍ਹ, ਪਾਸਪੋਰਟ ਦਫ਼ਤਰ ਚੰਡੀਗੜ੍ਹ ਵੱਲੋਂ ਕੀਤੀ ਕਥਿਤ ਗਲਤੀ ਕਾਰਨ ਕਰਮਜੀਤ ਕੌਰ ਨੂੰ ਆਪਣੀ ਆਸਟਰੇਲੀਆ ਰਹਿੰਦੀ ਬੇਟੀ ਦੇ ਵਿਆਹ ਵਿੱਚ ਸ਼ਾਮਲ ਹੋਣਾ ਨਸੀਬ ਨਾ ਹੋਇਆ ਤੇ ਹੁਣ ਉਹ ਪਰਿਵਾਰ ਸਮੇਤ ਚੰਡੀਗੜ੍ਹ ਦੇ ਗੇੜੇ ਕੱਢ ਰਹੀ ਹੈ। ਕਰਮਜੀਤ ਕੋਰ ਪਤਨੀ ਅਵਤਾਰ ਸਿੰਘ ਵਾਸੀ ਭਦੌੜ ਨੂੰ ਪਾਸਪੋਰਟ ਦਫ਼ਤਰ ਚੰਡੀਗੜ੍ਹ ਵੱਲੋਂ 6 ਜੁਲਾਈ 2017 ਨੂੰ ਪਾਸਪੋਰਟ ਨੰਬਰ ਆਰ-2649608 ਜਾਰੀ ਕੀਤਾ ਗਿਆ ਸੀ। ਪਾਸਪੋਰਟ ਦਫ਼ਤਰ ਚੰਡੀਗੜ੍ਹ ਪੁੱਜੇ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਪਾਸਪੋਰਟ ਆਪਣੀ ਆਸਟਰੇਲੀਆ ਰਹਿੰਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਬਣਵਾਇਆ ਸੀ। ਧੀ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਸੀ ਤੇ ਉਹ ਪਤਨੀ ਤੇ ਬੇਟੇ ਸਮੇਤ ਆਸਟਰੇਲੀਆ ਜਾਣ ਲਈ ਜਦੋਂ ਫਾਈਲ ਲਗਾਉਣ ਲੱਗੇ ਤਾਂ ਉਸ ਵਕਤ ਪਤਾ ਲੱਗਾ ਕਿ ਆਰ-2649608 ਨੰਬਰ ਦਾ ਇੱਕ ਹੋਰ ਪਾਸਪੋਰਟ ਜਾਰੀ ਹੋ ਚੁੱਕਾ ਹੈ ਤੇ ਉਸ ਪਾਸਪੋਰਟ ’ਤੇ ਇਕ ਵਿਅਕਤੀ ਕੈਨੇਡਾ ਗਿਆ ਹੋਇਆ ਹੈ। ਇਸੇ ਦੌਰਾਨ ਉਨ੍ਹਾਂ ਦੇ ਪੈਰੋਂ ਹੇਠੋਂ ਜ਼ਮੀਨ ਖਿਸਕ ਗਈ ਤੇ ਵਿਆਹ ਵਿੱਚ ਜਾਣ ਦਾ ਚਾਅ ਮੱਠਾ ਪੈ ਗਿਆ। ਆਪਣੀ ਧੀ ਦੇ ਵਿਆਹ ’ਚ ਨਾ ਜਾਣ ਦਾ ਝੋਰਾ ਇਸ ਪਰਿਵਾਰ ਨੂੰ ਹਮੇਸ਼ਾ ਰੜਕਦਾ ਰਹੇਗਾ। ਗਲਤੀ ਦਰੁਸਤ ਕਰ ਦਿੱਤੀ ਜਾਵੇਗੀ: ਪਾਸਪੋਰਟ ਅਧਿਕਾਰੀ ਰੀਜਨਲ ਪਾਸਪੋਰਟ ਅਫ਼ਸਰ ਨੇ ਇਸ ਮਾਮਲੇ ਬਾਰੇ ਕਿਹਾ ਕਿ ਪਾਸਪੋਰਟ ਦੀ ਛਪਾਈ ਵਿੱਚ ਗਲਤੀ ਹੋਈ ਹੈ ਜੋ ਕਿ ਦਰੁਸਤ ਕਰ ਦਿੱਤੀ ਜਾਵੇਗੀ।