ਪੀਯੂ ਦੇ ਵਿਦਿਆਰਥੀਆਂ ਵੱਲੋਂ ਗੇਟ ਤੋੜੋ ਮੁਹਿੰਮ

31

October

2018

ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਦੇ ਲੜਕੀਆਂ ਦੇ ਹੋਸਟਲਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦੀ ਮੰਗ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀ ਅਗਵਾਈ ਵਿੱਚ ਅੱਜ ਗੇਟ ਤੋੜੋ ਮੁਹਿੰਮ ਸ਼ੁਰੂ ਕੀਤੀ ਗਈ। ਸਟੂਡੈਂਟ ਕੌਂਸਲ ਦੀ ਪ੍ਰਧਾਨ ਕਨੂਪ੍ਰਿਆ ਨੇ ਅੱਜ ਵਿਦਿਆਰਥੀਆਂ ਨਾਲ ਮਿਲ ਕੇ ਲੜਕੀਆਂ ਦੇ ਹੋਸਟਲ 3 ਅਤੇ 4 ਦੇ ਮੇਨ ਗੇਟ ਨੂੰ ਰਾਤ 9 ਵਜੇ ਤੋਂ ਬਾਅਦ ਵੀ ਖੁੱਲ੍ਹਾ ਦੀ ਮੰਗ ਕੀਤੀ ਅਤੇ ਵਿਦਿਆਰਥੀਆਂ ਨਾਲ ਜ਼ਬਰਦਸਤੀ ਗੇਟ ਵਿੱਚ ਦਾਖ਼ਲ ਹੋਈ ਤੇ ਗੇਟ ਤੋੜੋ ਮੁਹਿੰਮ ਤਹਿਤ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ ਇਨਸੋ ਦੇ ਸਕੱਤਰ ਅਮਰਿੰਦਰ ਸਿੰੰਘ ਅਤੇ ਐਨਐਸਯੂਆਈ ਤਰਫੋਂ ਸੰਯੁਕਤ ਸਕੱਤਰ ਵਿਪੁਲ ਅਤਰੇ ਨੇ ਵੀ ਵਿਦਿਆਰਥੀਆਂ ਦਾ ਸਮਰਥਨ ਕੀਤਾ ਜਦੋਂ ਕਿ ਸੋਈ ਸੰਗਠਨ ਵੱਲੋਂ ਜਿੱਤੇ ਦਲੇਰ ਸਿੰਘ ਨੇ ਖੁਦ ਨੂੰ ਇਸ ਪ੍ਰ਼ਦਰਸ਼ਨ ਤੋਂ ਦੂਰ ਰੱਖਿਆ। ਰਾਤ ਸਾਢੇ 9 ਵਜੇ ਵਿਦਿਆਰਥੀਆਂ ਨੇ ਹੋਸਟਲ ਨੰਬਰ 3, 4, 5, 6 ਤੇ 7 ਵਿੱਚ ਪਹੁੰਚ ਕੇ ਪੂਰੇ ਜੋਸ਼ ਨਾਲ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਇਹ ਰੋਸ ਪ੍ਰਦਰਸ਼ਨ ਰਾਤ 10 ਵਜੇ ਤਕ ਜਾਰੀ ਰਿਹਾ। ਕਨੂਪ੍ਰਿਆ ਨੇ ਕਿਹਾ ਕਿ ਪੀਯੂ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਰੋਸ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 24 ਘੰਟੇ ਲੜਕੀਆਂ ਨੂੰ ਇਕ ਤੋਂ ਦੂਜੇ ਹੋਸਟਲ ਵਿੱਚ ਜਾਣ ਦੀ ਛੋਟ ਮਿਲਣੀ ਚਾਹੀਦੀ ਹੈ। ਇਸੇ ਦੌਰਾਨ ਡੀਨ ਪ੍ਰੋ. ਅਮਾਨੁਲ ਨਾਹਰ ਨੇ ਕਿਹਾ ਕਿ 24 ਘੰਟੇ ਹੋਸਟਲਾਂ ਨੂੰ ਖੁੱਲ੍ਹੇ ਰੱਖਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ।