ਕੇਜਰੀਵਾਲ ਨੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ, ਹਰਿਆਣਾ ਤੇ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ

30

October

2018

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਪ੍ਰਦੂਸ਼ਣ ਦੀ ਮਾੜੀ ਹਾਲਤ ਲਈ ਕੇਂਦਰ ਸਰਕਾਰ ਸਣੇ ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਪਰੋਕਤ ਤਿੰਨੇ ਸਰਕਾਰਾਂ ਕੁੱਝ ਕਰਨ ਲਈ ਤਿਆਰ ਨਹੀਂ ਹਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਸਾਰਾ ਸਾਲ ਕਾਬੂ ਵਿੱਚ ਰਹਿੰਦਾ ਹੈ ਪਰ ਠੰਢ ਦੇ ਮੌਸਮ ਵਿੱਚ ਦਿੱਲੀ ਨੂੰ ਕੇਂਦਰ ਸਰਕਾਰ, ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਅਤੇ ਪੰਜਾਬ ਸਰਕਾਰ ਕਾਰਨ ਕਾਫੀ ਮੁਸ਼ਕਿਲਾਂ ਸਹਿਣੀਆਂ ਪੈਂਦੀਆਂ ਹਨ। ਸਿਰਤੋੜ ਯਤਨਾਂ ਦੇ ਬਾਵਜੂਦ ਉਕਤ ਤਿੰਨੇ ਸਰਕਾਰਾਂ ਕੁੱਝ ਕਰਨ ਲਈ ਤਿਆਰ ਨਹੀਂ ਹਨ ਤੇ ਦੋਹਾਂ ਰਾਜਾਂ ਦੇ ਕਿਸਾਨ ਵੀ ਸੂਬਾ ਸਰਕਾਰਾਂ ਤੋਂ ਤੰਗ ਆ ਚੁੱਕੇ ਹਨ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਉਨ੍ਹਾਂ ਕਿਸਾਨਾਂ ਦਾ ਜ਼ਿਕਰ ‘ਮਨ ਕੀ ਬਾਤ’ ਵਿੱਚ ਕੀਤਾ ਗਿਆ ਸੀ ਜੋ ਝੋਨੇ ਦੀ ਪਰਾਲੀ ਨਹੀਂ ਸਾੜਦੇ ਹਨ। ਦਿੱਲੀ ਵਿੱਚ ਇਨ੍ਹਾਂ ਦਿਨਾਂ ਦੌਰਾਨ ਪ੍ਰਦੂਸ਼ਣ ਖ਼ਤਰਨਾਕ ਹੱਦ ਪਾਰ ਕਰ ਜਾਂਦਾ ਹੈ ਤੇ ਪ੍ਰਦੂਸ਼ਣ ਨਾਲ ਜੁੜੀਆਂ ਏਜੰਸੀਆਂ ਵੱਲੋਂ ਕਈ ਸਖ਼ਤ ਕਦਮ ਪੁੱਟੇ ਜਾਂਦੇ ਹਨ। ਦਿੱਲੀ ਸਰਕਾਰ ਵੱਲੋਂ ਦੋ ਵਾਰ ‘ਜਿਸਤ-ਟਾਂਕ ਯੋਜਨਾ’ ਵੀ ਲਾਗੂ ਕੀਤੀ ਗਈ ਸੀ ਅਤੇ ‘ਜੀਆਰਏਪੀ’ ਲਾਗੂ ਕਰਨ ਸਮੇਤ ਉਸਾਰੀਆਂ ਉੱਤੇ ਵੀ ਪਾਬੰਦੀ ਲਗਾਈ ਗਈ। ਦਰੱਖ਼ਤਾਂ ਨੂੰ ਪਾਣੀ ਨਾਲ ਸਾਫ਼ ਕਰਨ ਦੇ ਤਜਰਬੇ ਵੀ ਕੀਤੇ ਗਏ। ਸੁਪਰੀਮ ਕੋਰਟ, ਦਿੱਲੀ ਹਾਈ ਕੋਰਟ ਤੇ ਕੌਮੀ ਗਰੀਨ ਟ੍ਰਿਬਿਊਨਲ ਵੱਲੋਂ ਵੀ ਕਈ ਸਖ਼ਤ ਹਦਾਇਤਾਂ ਸਮੇਂ-ਸਮੇਂ ’ਤੇ ਜਾਰੀ ਕਰ ਕੇ ਦਿੱਲੀ ਦੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਸਬੰਧਤ ਅਥਾਰਟੀਆਂ ਸਰਕਾਰਾਂ ਨੂੰ ਕਿਹਾ ਜਾ ਚੁੱਕਿਆ ਹੈ।