Arash Info Corporation

ਪਟਿਆਲਾ ਵਿੱਚ ਅਜੇ ਵੀ ਡੇਂਗੂ ਦਾ ਡੰਗ ਤਿੱਖਾ, ਕਈ ਡਾਕਟਰ ਵੀ ਘਿਰੇ

30

October

2018

ਪਟਿਆਲਾ, ਡੇਂਗੂ ਦਾ ਸੀਜ਼ਨ ਭਾਵੇਂ ਅੰਤਲੇ ਦੌਰ ’ਚ ਹੈ ਪਰ ਅਜੇ ਵੀ ਨਿੱਤ ਡੇਂਗੂ ਦੇ ਦਰਜਨਾਂ ਮਰੀਜ਼ ਸਾਹਮਣੇ ਆ ਰਹੇ ਹਨ। ਉਧਰ, ਸਿਹਤ ਵਿਭਾਗ ਦੇ ਅਨੇਕਾਂ ਯਤਨਾਂ ਦੇ ਬਾਵਜੂਦ ਪਟਿਆਲਾ ਵਿੱਚ ਅਜੇ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਹੈ। ਭਾਵੇਂ ਸਿਹਤ ਵਿਭਾਗ ਨੇ ਖੜ੍ਹੇ ਪਾਣੀ ’ਤੇ ਬਣੇ ਲਾਰਵੇ ਨੂੰ ਲੈ ਕੇ ਹੁਣ ਤੱਕ ਜ਼ਿਲ੍ਹਾ ਭਰ ਵਿੱਚ ਸਵਾ ਛੇ ਸੌ ਦੇ ਕਰੀਬ ਚਲਾਨ ਕੀਤੇ ਹਨ, ਪਰ ਸਫ਼ਾਈ ਦੀ ਘਾਟ ਨੂੰ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਸਿਹਤ ਵਿਭਾਗ ਕੰਨੀ ਕਤਰਾਉਂਦਾ ਆ ਰਿਹਾ ਹੈ। ਡੇਂਗੂ ਕਾਰਨ ਰਾਜਿੰਦਰਾ ਹਸਪਤਾਲ ਦੀ ਇੱਕ ਮਹਿਲਾ ਮੁਲਾਜ਼ਮ ਜਾਨ ਵੀ ਗੁਆ ਚੁੱਕੀ ਹੈ ਤੇ ਹੁਣ ਵੀ ਇਸ ਹਸਪਤਾਲ ਦੇ ਕਈ ਡਾਕਟਰ ਤੇ ਮੁਲਾਜ਼ਮ ਡੇਂਗੂ ਦੇ ਘੇਰੇ ’ਚ ਹਨ। ਇਸ ਸਾਲ ਸਿਹਤ ਵਿਭਾਗ ਨੇ ਡੇਂਗੂ ਨਾਲ ਜਬਰਦਸਤ ਲੜਾਈ ਲੜੀ ਹੈ। ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਤੱਕ ਬੰਦ ਰਹੀਆਂ ਪਰ ਇਸ ਦੇ ਬਾਵਜੂਦ ਡੇਂਗੂ ਦੇ ਮਰੀਜ਼ ਅੱਜ ਵੀ ਪਟਿਆਲਾ ਵਿੱਚ ਪੰਜਾਬ ਵਿੱਚੋਂ ਸਭ ਤੋਂ ਵੱਧ 1784 ਹਨ, ਜਦਕਿ ਪੰਜਾਬ ਦੇ ਮਰੀਜ਼ਾਂ ਦੀ ਗਿਣਤੀ 4474 ਹੈ। ਪਟਿਆਲਾ ਵਿੱਚ ਡੇਂਗੂ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਮਰੀਜ਼ਾਂ ਵਿੱਚੋਂ ਇੱਕ ਮਹਿਲਾ ਤਾਂ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਹੀ ਮੁਲਾਜ਼ਮ ਸੀ। ਅਜੇ ਕੁਝ ਦਿਨ ਪਹਿਲਾਂ ਹੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬੀ.ਐੱਸ ਬਰਾੜ ਦੇ ਹੋਏ ਤਬਾਦਲੇ ਪਿੱਛੇ ਭਾਵੇਂ ਹੋਰ ਕਾਰਨ ਵੀ ਹੋਣਗੇ, ਪਰ ਸਫ਼ਾਈ ਦੀ ਘਾਟ ਦਾ ਮੁੱਦਾ ਵੀ ਉੱਭਰਿਆ ਰਿਹਾ ਪਰ ਨਵੇਂ ਮੈਡੀਕਲ ਸੁਪਰਡੈਂਟ ਡਾ. ਰਾਜਨ ਸਿੰਗਲਾ ਦੇ ਅਹੁਦਾ ਸੰਭਾਲਣ ਤੋਂ ਕਈ ਦਿਨਾਂ ਬਾਅਦ ਵੀ ਅਜੇ ਇੱਥੇ ਮੁਕੰਮਲ ਸਫ਼ਾਈ ਯਕੀਨੀ ਨਹੀਂ ਬਣ ਸਕੀ। ਇਸ ਹਸਪਤਾਲ ਦੇ ਬੱਚਾ ਵਿਭਾਗ ਦੇ ਨੇੜੇ ਹੀ ਇੱਕ ਟੂਟੀ ਦੇ ਦਿਨ ਰਾਤ ਚੱਲਦੇ ਰਹਿਣ ਕਾਰਨ ਆਸੇ ਪਾਸੇ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਤੋਂ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ। ਬੱਚਾ ਵਿਭਾਗ ਦੇ ਹੀ ਦੂਜੇ ਪਾਸੇ ਘਾਹ ਫੂਸ ਹੈ ਪਰ ਸਿਹਤ ਵਿਭਾਗ ਨੇ ਇੱਥੇ ਕੋਈ ਐਕਸ਼ਨ ਨਹੀਂ ਲਿਆ। ਬੱਚਾ ਵਿਭਾਗ ਦੇ ਅੱਧੀ ਦਰਜਨ ਤੋਂ ਵੱਧ ਡਾਕਟਰਾਂ, ਸਟਾਫ਼ ਨਰਸਾਂ ਤੇ ਹੋਰ ਮੁਲਾਜ਼ਮਾਂ ਦੇ ਡੇਂਗੂ ਦੇ ਘੇਰੇ ’ਚ ਆਉਣ ਦਾ ਵੀ ਪਤਾ ਲੱਗਾ ਹੈ। ਇਸ ਸਬੰਧੀ ਮੈਡੀਕਲ ਸੁਪਰਡੈਂਟ ਨੇ ਕਿਹਾ ਕਿ ਹਸਪਤਾਲ ਵਿੱਚ ਹਰ ਪਾਸੇ ਸਫ਼ਾਈ ਕਰਵਾਈ ਜਾ ਰਹੀ ਹੈ। ਜੇ ਕਿਤੇ ਕੋਈ ਊਣਤਾਈ ਰਹਿ ਵੀ ਗਈ ਹੋਈ ਤਾਂ ਜਲਦ ਸਫ਼ਾਈ ਯਕੀਨੀ ਬਣਾਈ ਜਾਵੇਗੀ।