ਬਿਜਲੀ ਚੋਰੀ: ਕੋਠੇ ਜਗੜੇ ’ਚ ਫੜੀ ‘ਅਪਰੇਸ਼ਨ ਜੁਗਾੜ’ ਦੀ ਤੰਦ

29

October

2018

ਬਠਿੰਡਾ, ਪਾਵਰਕੌਮ ਦੇ ਉੱਡਣ ਦਸਤੇ ਨੇ ‘ਅਪਰੇਸ਼ਨ ਜੁਗਾੜ’ ਦੀ ਪਹਿਲੀ ਤੰਦ ਕੋਠੇ ਜਗੜੇ ਵਿਚ ਫੜੀ ਗਈ ਹੈ। ਹੁਣ ਪੰਜਾਬ ਭਰ ’ਚ ਅਫ਼ਸਰਾਂ ਨੂੰ ਮੁਸਤੈਦ ਕੀਤਾ ਗਿਆ ਹੈ ਕਿ ਅਨੋਖੇ ਜੁਗਾੜ ਲਗਾ ਕੇ ਬਿਜਲੀ ਚੋਰੀ ਕਰਨ ਵਾਲਿਆਂ ਦੀ ਪੈੜ ਨੱਪੀ ਜਾਵੇ। ਕਾਂਗਰਸੀ ਐੱਮ.ਐੱਲ.ਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕੇ ਗਿੱਦੜਬਾਹਾ ਵਿਚ ਬਿਜਲੀ ਚੋਰੀ ਦਾ ਨਵਾਂ ਜਗਾੜੂ ਤਰੀਕਾ ਲੱਭਿਆ ਹੈ। ਪਾਵਰਕੌਮ ਦੇ ਚੇਅਰਮੈਨ ਨੇ ਕੁਝ ਸੂਹੀਏ ਪੰਜਾਬ ਭਰ ਵਿਚ ਛੱਡੇ ਹਨ, ਜੋ ਜੁਗਾੜੂ ਤਰੀਕੇ ਨਾਲ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਨਜ਼ਰ ਰੱਖ ਰਹੇ ਹਨ। ਜਦੋਂ ਦੋ ਦਿਨ ਪਹਿਲਾਂ ਇੱਕ ਸੂਹੀਏ ਨੇ ਸੂਹ ਦਿੱਤੀ ਤਾਂ ਪਾਵਰਕੌਮ ਦੇ ਇਨਫੋਰਸਮੈਂਟ ਬਠਿੰਡਾ ਤੇ ਮੁਕਤਸਰ ਦੇ ਉੱਡਣ ਦਸਤਿਆਂ ਨੇ ਗਿੱਦੜਬਾਹਾ ਹਲਕੇ ਦੇ ਕੋਠੇ ਜਗੜੇ ‘ਚ ਚਾਰ ਖਪਤਕਾਰਾਂ ਦੇ ਜੁਗਾੜ ਨੂੰ ਬੇਪਰਦ ਕਰ ਦਿੱਤਾ। ਵੇਰਵਿਆਂ ਅਨੁਸਾਰ ਕੋਠੇ ਜਗੜੇ ਦੇ ਚਾਰ ਖਪਤਕਾਰ ਆਪੋ ਆਪਣੇ ਅਹਾਤਿਆਂ ਵਿਚ ਜਾਅਲੀ ਮੀਟਰ ਲਗਾ ਕੇ ਚੋਰੀ ਕਰਦੇ ਸਨ। ਜਦੋਂ ਪਾਵਰਕੌਮ ਦੇ ਮੁਲਾਜ਼ਮ ਰੀਡਿੰਗ ਲੈ ਕੇ ਚਲੇ ਜਾਂਦੇ ਸਨ, ਤਾਂ ਉਸ ਮਗਰੋਂ ਖਪਤਕਾਰ ਅਸਲੀ ਮੀਟਰ ਉਤਾਰ ਕੇ ਉਸ ਦੀ ਥਾਂ ਜਾਅਲੀ ਮੀਟਰ ਲਾ ਦਿੰਦੇ ਸਨ। ਮੀਟਰ ਰੀਡਿੰਗ ਲੈਣ ਵਾਲੇ ਦਿਨਾਂ ’ਚ ਮੁੜ ਅਸਲੀ ਮੀਟਰ ਲਗਾ ਦਿੱਤਾ ਜਾਂਦਾ ਸੀ। ਅਚਨਚੇਤੀ ਚੈਕਿੰਗ ’ਚ ਖਪਤਕਾਰ ਸੁਖਵੰਤ ਸਿੰਘ ਪੁੱਤਰ ਗੁਰਬਚਨ ਸਿੰਘ, ਬਚਿੱਤਰ ਸਿੰਘ ਪੁੱਤਰ ਦਲੀਪ ਸਿੰਘ, ਸੁਖਪ੍ਰੀਤ ਕੌਰ ਪਤਨੀ ਜਗਸੀਰ ਸਿੰਘ ਅਤੇ ਨਰੈਣ ਸਿੰਘ ਪੁੱਤਰ ਮੱਲ ਸਿੰਘ ਦੇ ਘਰੋਂ ਜਾਅਲੀ ਮੀਟਰ ਚੱਲਦੇ ਫੜੇ ਗਏ ਹਨ। ਰੀਡਿੰਗ ਲਏ ਜਾਣ ਮਗਰੋਂ ਇਹ ਖ਼ਪਤਕਾਰ ਅਸਲੀ ਮੀਟਰ ਦੀ ਥਾਂ ਜਾਅਲੀ ਮੀਟਰ ਲਗਾ ਦਿੰਦੇ ਸਨ। ਸ਼ੱਕ ਹੈ ਕਿ ਜਾਅਲੀ ਮੀਟਰ ਵੀ ਬਿਜਲੀ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਕਢਵਾਏ ਹੋ ਸਕਦੇ ਹਨ। ਇਨਫੋਰਸਮੈਂਟ ਬਠਿੰਡਾ ਦੇ ਨਿਗਰਾਨ ਇੰਜਨੀਅਰ ਨੂੰ ਇਸ ਮਾਮਲੇ ਦੀ ਤਿੰਨ ਦਿਨਾਂ ਦੇ ਅੰਦਰ ਅੰਦਰ ਪੜਤਾਲ ਕਰਨ ਵਾਸਤੇ ਆਖਿਆ ਗਿਆ ਹੈ ਤਾਂ ਜੋ ਪਾਵਰਕੌਮ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਮਿਲੀਭੁਗਤ ਦੇਖੀ ਜਾ ਸਕੇ। ਚੈਕਿੰਗ ਦੌਰਾਨ ਖਪਤਕਾਰ ਹਰਬੰਸ ਸਿੰਘ ਪੁੱਤਰ ਮਿੱਠੂ ਸਿੰਘ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕਰ ਰਿਹਾ ਸੀ। ਇਨ੍ਹਾਂ ਖਪਤਕਾਰਾਂ ਨੂੰ ਜੁਰਮਾਨੇ ਸਬੰਧੀ ਨੋਟਿਸ ਜਾਰੀ ਕਰ ਦਿੱਤੇ ਹਨ। ਨਾਲ ਹੀ ਐਂਟੀ ਪਾਵਰ ਥੈਫਟ ਪੁਲੀਸ ਸਟੇਸ਼ਨ ਬਠਿੰਡਾ ਨੂੰ ਪੁਲੀਸ ਕੇਸ ਦਰਜ ਕਰਨ ਵਾਸਤੇ ਲਿਖ ਦਿੱਤਾ ਗਿਆ ਹੈ। ਜੋ ਜੁਗਾੜੂ ਮੀਟਰ ਫੜੇ ਗਏ ਹਨ, ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਚੈਕਿੰਗ ਐੱਮਈਲੈਬ ਵਿਚ ਕਰਾਈ ਜਾਣੀ ਹੈ। ਸੂਤਰਾਂ ਅਨੁਸਾਰ ਕੋਠੇ ਜਗੜੇ ਦੇ ਨਵਾਂ ਜੁਗਾੜ ‘ਚ ਫੜੇ ਗਏ ਖਪਤਕਾਰਾਂ ਦੀ ਪਿੱਠ ‘ਤੇ ਹਾਕਮ ਧਿਰ ਦੇ ਸਿਆਸੀ ਨੇਤਾ ਵੀ ਡਟ ਗਏ ਸਨ ਪਰ ਪਾਵਰਕੌਮ ਦੇ ਅਫ਼ਸਰਾਂ ਨੇ ਹੀ ਬਾਂਹ ਨਹੀਂ ਫੜਾਈ। ਸੂਤਰ ਦੱਸਦੇ ਹਨ ਕਿ ਪੰਜਾਬ ’ਚ ਅਜਿਹੇ ਜੁਗਾੜ ਲੱਭਣ ਵਿਚ ਅਫ਼ਸਰ ਤੇ ਸੂਹੀਏ ਜੁੱਟ ਗਏ ਹਨ ਜੋ ਸੂਹ ਲੈਣ ਲਈ ਨਵੇਂ ਢੰਗ ਤਰੀਕੇ ਵਰਤ ਰਹੇ ਹਨ। ਪਾਵਰਕੌਮ ਦੇ ਉਨ੍ਹਾਂ ਅਫ਼ਸਰਾਂ ਤੇ ਮੁਲਾਜ਼ਮਾਂ ਵੀ ਇਹ ਸੂਹੀਏ ਪੈੜ ਨੱਪ ਰਹੇ ਹਨ ਜਿਨ੍ਹਾਂ ਦੀ ਸ਼ਮੂਲੀਅਤ ਬਿਜਲੀ ਚੋਰੀ ਕਰਾਉਣ ਵਿਚ ਹੁੰਦੀ ਹੈ। ਜੁਗਾੜਬੰਦੀ ਨਹੀਂ ਚੱਲਣ ਦਿਆਂਗੇ: ਚੇਅਰਮੈਨ ਪਾਵਰਕੌਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਪੰਜਾਬ ਵਿਚ ਏਦਾਂ ਦੀ ਜੁਗਾੜਬੰਦੀ ਨਾਲ ਬਿਜਲੀ ਚੋਰੀ ਹੁੰਦੀ ਹੋਵੇਗੀ, ਜਿਸ ਨੂੰ ਫੜਨ ਲਈ ਮੁਹਿੰਮ ਵਿੱਢ ਦਿੱਤੀ ਗਈ ਹੈ। ਕੋਠੇ ਜਗੜੇ ਦੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਕੀਤੇ ਗਏ ਹਨ। ਇਸ ਮਾਮਲੇ ਵਿਚ ਪਾਵਰਕੌਮ ਦੇ ਕਿਸੇ ਵੀ ਅਫ਼ਸਰ ਜਾਂ ਮੁਲਾਜ਼ਮ ਦੀ ਮਿਲੀਭੁਗਤ ਪਾਈ ਗਈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਐਨਫੋਰਸਮੈਂਟ ਤੇ ਵੰਡ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ, ਕਿਉਂਕਿ ਬਿਜਲੀ ਚੋਰੀ ਦਾ ਭਾਰ ਇਮਾਨਦਾਰ ਖਪਤਕਾਰਾਂ ’ਤੇ ਪੈਂਦਾ ਹੈ।