ਇੰਡੀਅਨ ਜਰਨਲਿਸਟਸ ਯੂਨੀਅਨ ਦੀ ਕਨਵੈਨਸ਼ਨ ਸਮਾਪਤ

29

October

2018

ਅੰਮ੍ਰਿਤਸਰ, ਇੰਡੀਅਨ ਜਰਨਲਿਸਟਸ ਯੂਨੀਅਨ ਦੀ 9ਵੀਂ ਦੋ ਦਿਨਾਂ ਕਨਵੈਨਸ਼ਨ ਅੱਜ ਇਥੇ ਪੱਤਰਕਾਰਾਂ ਨੂੰ ਆਪਣੇ ਹੱਕਾਂ ਅਤੇ ਪ੍ਰੈੱਸ ਦੀ ਆਜ਼ਾਦੀ ਲਈ ਇਕਜੁੱਟ ਹੋਣ ਦਾ ਅਹਿਦ ਲੈਂਦੇ ਹੋਏ ਸਮਾਪਤ ਹੋ ਗਈ। ਇਹ ਕਨਵੈਨਸ਼ਨ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਪੰਜਾਬ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਕਰਾਈ ਗਈ ਸੀ। ਅੱਜ ਦੂਸਰੇ ਦਿਨ ਦੇ ਸਮਾਗਮ ਵਿਚ ਕਈ ਅਹਿਮ ਮਤੇ ਪਾਸ ਕੀਤੇ ਗਏ ਅਤੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ ਹੈ। ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਐਸਐਨ ਸਿਨਹਾ ਦੀ ਥਾਂ ‘ਤੇ ਨਵੇਂ ਪ੍ਰਧਾਨ ਵਜੋਂ ਹੈਦਰਾਬਾਦ ਤੋਂ ਦੇਵ ਪਾਲੀ ਅਮਰ ਨੇ ਅਹੁਦਾ ਸੰਭਾਲਿਆ ਹੈ। ਜਦੋਂਕਿ ਯੂਨੀਅਨ ਦੇ ਜਨਰਲ ਸਕੱਤਰ ਸ੍ਰੀਮਤੀ ਸ਼ਰੀਨਾ ਇੰਦਰਜੀਤ ਨੂੰ ਥਾਪਿਆ ਗਿਆ ਹੈ। ਅੱਜ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੱਤਰਕਾਰਾਂ ’ਤੇ ਹੋ ਰਹੇ ਹਮਲੇ ਦੇਸ਼ ਲਈ ਖ਼ਤਰੇ ਦਾ ਰੁਝਾਨ ਹਨ ਤੇ ਪ੍ਰੈੱਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਅਤੇ ਪੱਤਰਕਾਰਾਂ ਦੀ ਸੁਰੱਖਿਆ ਲਈ ਸੁਰੱਖਿਆ ਐਕਟ ਬਣਾਉਣ ਦੀ ਵੀ ਵੱਡੀ ਲੋੜ ਹੈ। ਉਨ੍ਹਾਂ ਆਖਿਆ ਕਿ ਅੱਜ ਕੌਮੀ ਪੱਧਰ ‘ਤੇ ਦੇਸ਼ ਵਿਚ ਪ੍ਰੈਸ ਦੀ ਆਵਾਜ਼ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਬੰਦ ਕਰਨ ਵੱਲ ਰੁਝਾਨ ਤੁਲਿਆ ਹੋਇਆ ਹੈ ਅਤੇ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਆਖਿਆ ਕਿ ਮੀਡੀਆ ਨੂੰ ਆਪਣੇ ਅਲਖ ਜਗਾਉਣ ਵਾਲੇ ਰੁਝਾਨ ਨੂੰ ਨਿਰੰਤਰ ਜਾਰੀ ਰੱਖਣਾ ਹੋਵੇਗਾ ਤਾਂ ਹੀ ਦੇਸ਼ ਤਰੱਕੀ ਵੱਲ ਵਧ ਸਕੇਗਾ। ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਪੱਤਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਯੂਨੀਅਨ ਦੀ ਅੱਜ ਹੋਈ ਚੋਣ ਵਿਚ ਨਵੇਂ ਬਣੇ ਰਾਸ਼ਟਰੀ ਪ੍ਰਧਾਨ ਡੀ ਅਮਰ ਨੇ ਆਖਿਆ ਕਿ ਪੱਤਰਕਾਰਾਂ ਨੂੰ ਆਪਣੇ ਹੱਕਾਂ ਅਤੇ ਪ੍ਰੈਸ ਦੀ ਆਜ਼ਾਦੀ ਲਈ ਇਕਜੁੱਟ ਹੋਣਾ ਚਾਹੀਦਾ ਹੈ। ਯੂਨੀਅਨ ਦੇ ਪੰਜਾਬ ਪ੍ਰਧਾਨ ਬਲਵਿੰਦਰ ਜੰਮੂ ਨੇ ਸਮੁੱਚੀ ਪ੍ਰੈਸ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਸ਼ਰੀਨਾ ਇੰਦਰਜੀਤ ਨੇ ਕਨਵੈਨਸ਼ਨ ਲਈ ਦੇਸ਼ ਭਰ ਵਿਚੋਂ ਪੁੱਜੇ ਪੱਤਰਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸਐਨ ਸਿਨਹਾ, ਨਿਵਾਸ ਰੈਡੀ, ਰਾਜਨ ਮਾਨ ਤੇ ਹੋਰ ਹਾਜ਼ਰ ਸਨ।