ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਚਾਰ ਦੋਸਤ ਕਾਬੂ

29

October

2018

ਐਸ.ਏ.ਐਸ. ਨਗਰ (ਮੁਹਾਲੀ), ਸੋਹਾਣਾ ਪੁਲੀਸ ਨੇ ਨੇੜਲੇ ਪਿੰਡ ਅਲੀਪੁਰ ਕੋਲੋਂ ਹਫ਼ਤਾ ਕੁ ਪਹਿਲਾਂ ਸੜਕ ਕਿਨਾਰੇ ਪਿੰਡ ਭਬਾਤ ਦੇ ਨੌਜਵਾਨ ਨਰੇਸ਼ ਵਰਮਾ ਦੀ ਮਿਲੀ ਲਾਸ਼ ਦਾ ਮਾਮਲਾ ਸੁਲਝਾਉਂਦਿਆਂ ਮ੍ਰਿਤਕ ਨੌਜਵਾਨ ਦੇ ਚਾਰ ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਮੁਲਜ਼ਮ ਰਜਿੰਦਰ ਸਿੰਘ ਵਾਸੀ ਅਲੀਪੁਰ, ਸੱਤਾਰ ਖਾਨ, ਮੋਹਨ ਸਿੰਘ ਉਰਫ਼ ਕਾਲਾ, ਨਰਿੰਦਰ ਸਿੰਘ ਉਰਫ਼ ਨੀਲੂ ਦੇ ਖ਼ਿਲਾਫ਼ ਧਾਰਾ 304, 201 ਅਤੇ 34 ਅਧੀਨ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਨਰੇਸ਼ ਵਰਮਾ ਦੀ ਮੌਤ ਅਣਪਛਾਤੇ ਵਾਹਨ ਦੀ ਟੱਕਰ ਨਾਲ ਹੋਈ ਹੈ ਪਰ ਸੋਹਾਣਾ ਥਾਣੇ ਦੇ ਐਸਐਚਓ ਇੰਸਪੈਕਟਰ ਤਰਲੋਚਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕਰਨ ’ਤੇ ਨੌਜਵਾਨ ਦੀ ਭੇਤਭਰੀ ਮੌਤ ਦਾ ਪਰਦਾਫਾਸ਼ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਸੋਹਾਣਾ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਬੀਤੀ 20 ਅਕਤੂਬਰ ਨੂੰ ਮੁਲਜ਼ਮ ਰਜਿੰਦਰ ਸਿੰਘ ਟਰੈਕਟਰ-ਟਰਾਲੀ ਲੈ ਕੇ ਦਾਣਾ ਮੰਡੀ ਪੰਚਕੂਲਾ ਗਿਆ ਸੀ। ਬਾਅਦ ਵਿੱਚ ਉਸ ਨੇ ਆਪਣੇ ਦੋਸਤ ਨਰੇਸ਼ ਕੁਮਾਰ ਵਰਮਾ, ਸੱਤਾਰ ਖਾਨ, ਮੋਹਨ ਸਿੰਘ ਉਰਫ਼ ਕਾਲਾ ਅਤੇ ਨਰਿੰਦਰ ਸਿੰਘ ਉਰਫ਼ ਨੀਲੂ ਨੂੰ ਵੀ ਉੱਥੇ ਸੱਦ ਲਿਆ। ਇਨ੍ਹਾਂ ਸਾਰੇ ਦੋਸਤਾਂ ਨੇ ਕਾਫੀ ਸ਼ਰਾਬ ਪੀਤੀ ਅਤੇ ਫਿਰ ਉਹ ਟਰੈਕਟਰ ’ਤੇ ਸਵਾਰ ਹੋ ਕੇ ਜ਼ੀਰਕਪੁਰ ਆ ਗਏ ਅਤੇ ਉੱਥੋਂ ਠੇਕੇ ਤੋਂ ਸ਼ਰਾਬ ਦੀ ਇੱਕ ਹੋਰ ਬੋਤਲ ਖਰੀਦੀ ਅਤੇ ਮੁੜ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਉਹ ਜਦੋਂ ਜ਼ੀਰਕਪੁਰ ਹਾਈ ਗਰਾਊਂਡ ਰੋਡ ਤੋਂ ਭਬਾਤ ਵਾਲੇ ਮੋੜ ਵੱਲ ਮੁੜਨ ਲੱਗੇ ਤਾਂ ਅਚਾਨਕ ਨਰੇਸ਼ ਵਰਮਾ ਟਰੈਕਟਰ ਤੋਂ ਥੱਲੇ ਡਿੱਗ ਪਿਆ ਅਤੇ ਪਿਛਲੇ ਟਾਇਰ ਦੇ ਹੇਠਾਂ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਮੁਲਜ਼ਮਾਂ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਟਰਾਲੀ ਵਿੱਚ ਸੁੱਟ ਲਿਆ ਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਨਰੇਸ਼ ਨੇ ਦਮ ਤੋੜ ਦਿੱਤਾ। ਇਸ ਕਾਰਨ ਉਹ ਕਾਫੀ ਘਬਰਾ ਗਏ ਅਤੇ ਉਨ੍ਹਾਂ ਨੇ ਪਿੰਡ ਅਲੀਪੁਰ ਦੇ ਨੇੜੇ ਸੜਕ ਕਿਨਾਰੇ ਨਰੇਸ਼ ਕੁਮਾਰ ਦੀ ਲਾਸ਼ ਸੁੱਟ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਪਹਿਲਾਂ ਪੁਲੀਸ ਨੇ 21 ਅਕਤੂਬਰ ਨੂੰ ਮ੍ਰਿਤਕ ਨੌਜਵਾਨ ਦੇ ਭਰਾ ਸਿਕੰਦਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਧਾਰਾ 279, 304-ਏ ਦੇ ਤਹਿਤ ਸੜਕ ਹਾਦਸੇ ਦਾ ਕੇਸ ਦਰਜ ਕੀਤਾ ਸੀ ਪਰ ਹੁਣ ਉਕਤ ਮੁਲਜ਼ਮਾਂ ਨੂੰ ਇਸ ਕੇਸ ਵਿੱਚ ਨਾਮਜ਼ਦ ਕਰਕੇ ਉਨ੍ਹਾਂ ਦੇ ਖ਼ਿਲਾਫ਼ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਜੁਰਮ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਮੁਲਜ਼ਮਾਂ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 30 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।