ਸੈਕਟਰ-19 ਵਿੱਚ ਰੇਹੜੀ-ਫੜ੍ਹੀ ਵਾਲਿਆਂ ’ਚ ਝਗੜਾ; 4 ਕਾਬੂ

26

October

2018

ਚੰਡੀਗੜ੍ਹ, ਇਥੇ ਸੈਕਟਰ-19 ਵਿੱਚ ਫੜ੍ਹੀ ਲਗਾਉਣ ਨੂੰ ਲੈ ਕੇ ਰੇਹੜੀ-ਫੜ੍ਹੀ ਵਾਲਿਆਂ ਵਿੱਚ ਅੱਜ ਝਗੜਾ ਹੋ ਗਿਆ। ਮਾਮੂਲੀ ਤਕਰਾਰ ਤੋਂ ਸ਼ੁਰੂ ਹੋਈ ਬਹਿਸਬਾਜ਼ੀ ਗੰਭੀਰ ਲੜਾਈ ਦਾ ਰੂਪ ਧਾਰਨ ਕਰ ਗਈ ਅਤੇ ਦੋਹਾਂ ਧਿਰਾਂ ਦੇ ਰੇਹੜੀ ਫੜ੍ਹੀ ਵਾਲਿਆਂ ਨੇ ਇੱਕ ਦੂਜੇ ਦਾ ਸਾਮਾਨ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਕੁੱਟਮਾਰ ਵੀ ਕੀਤੀ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੈਕਟਰ 19-ਸੀ ਦੀ ਮਾਰਕੀਟ ਵਿੱਚ ਵੇਰਕਾ ਬੂਥ ਲਾਗੇ ਫੜ੍ਹੀਆਂ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਫੁਟਪਾਥ ’ਤੇ ਗੋਲਗੱਪੇ ਤੇ ਚਾਟ ਦੀਆਂ ਫੜ੍ਹੀਆਂ ਲਗਾਉਣ ਨੂੰ ਲੈ ਕੇ ਬਹਿਸਬਾਜ਼ੀ ਸ਼ੁਰੂ ਹੋ ਗਈ। ਆਸ-ਪਾਸ ਲੱਗੀਆਂ ਹੋਰ ਫੜ੍ਹੀਆਂ ਵਾਲਿਆਂ ਦੀਆਂ ਦੋ ਧਿਰਾਂ ਬਣ ਗਈਆਂ ਅਤੇ ਜਲਦੀ ਹੀ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਦੋਵੇਂ ਧਿਰਾਂ ਦੇ ਲੋਕਾਂ ਨੇ ਇੱਕ ਦੂਜੇ ਦਾ ਸਾਮਾਨ ਸੁੱਟ ਦਿੱਤਾ ਅਤੇ ਹੱਥੋਪਾਈ ’ਤੇ ਉਤਰ ਆਏ। ਇਸ ਦੌਰਾਨ ਪੁਲੀਸ ਕੰਟਰੋਲ ਨੂੰ ਸੂਚਨਾ ਦਿੱਤੀ ਗਈ ਪਰ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਝਗੜਾ ਸ਼ਾਂਤ ਹੋ ਗਿਆ ਅਤੇ ਰੇਹੜੀ ਫੜ੍ਹੀ ਵਾਲੇ ਇਧਰ-ਉੱਧਰ ਖਿੱਲਰ ਗਏ। ਮੌਕੇ ’ਤੇ ਪਹੁੰਚੀ ਪੀਸੀਆਰ ਦੀ ਟੀਮ ਨੇ ਲੜਾਈ ਨੂੰ ਲੈ ਕੇ ਰੇਹੜੀ ਫੜ੍ਹੀ ਵਾਲਿਆਂ ਤੋਂ ਪੁੱਛਗਿੱਛ ਕੀਤੀ ਅਤੇ ਲੜਾਈ ਕਰਨ ਵਾਲਿਆਂ ਨੂੰ ਸੈਕਟਰ-19 ਦੇ ਥਾਣੇ ਵਿੱਚ ਲਿਜਾਇਆ ਗਿਆ। ਪੁਲੀਸ ਨੇ ਝਗੜਾ ਕਰਨ ਦੇ ਦੋਸ਼ ਹੇਠ ਰਵੀ, ਮਨੋਜ, ਸ਼ਿਵ ਅਤੇ ਮੁਨੀਸ਼ ਖ਼ਿਲਾਫ਼ ਸੈਕਟਰ-19 ਥਾਣੇ ਵਿੱਚ ਧਾਰਾ 107/51 ਤਹਿਤ ਮਾਮਲਾ ਦਰਜ ਕਰਕੇ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਚੰਡੀਗੜ੍ਹ ਪੁਲੀਸ ਨੇ ਅਲਾਂਤੇ ਮਾਲ ਦੀ ਪਾਰਕਿੰਗ ਵਿੱਚ ਮਹਿਲਾ ਨਾਲ ਛੇੜਖਾਨੀ ਕਰਨ ਦੇ ਦੋਸ਼ ਹੇਠ ਤਿੰਨ ਜਣਿਆ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੰਚਕੂਲਾ ਵਾਸੀ ਅਸ਼ਵਨੀ ਕੁਮਾਰ (32) ਤੇ ਯਮੁਨਾਨਗਰ ਵਾਸੀ ਅੰਕਿਤ (19) ਅਤੇ ਸਾਹਿਲ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਘਟਨਾਂ ਦੌਰਾਨ ਵਰਤੀ ਗਈ ਇਨੋਵਾ ਗੱਡੀ ਨੂੰ ਅਸ਼ਵਨੀ ਕਿਸੇ ਤੋਂ ਮੰਗ ਕੇ ਲਿਆਇਆ ਸੀ।