ਕਿਸਾਨ ਦੀ ਸ਼ਿਕਾਇਤ ’ਤੇ ਆੜ੍ਹਤੀ ਨੂੰ ਜੁਰਮਾਨਾ

24

October

2018

ਫਤਹਿਗੜ੍ਹ ਸਾਹਿਬ, ਜ਼ਿਲ੍ਹੇ ਦੇ ਪਿੰਡ ਡੰਘੇੜੀਆਂ ਦੇ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵੱਲੋਂ ਚੁੰਨੀ ਕਲਾਂ ਦੀ ਅਨਾਜ ਮੰਡੀ ਦੇ ਆੜ੍ਹਤੀਏ ਖ਼ਿਲਾਫ਼ ਕੀਤੀ ਸ਼ਿਕਾਇਤ ਦਰੁਸਤ ਪਾਏ ਜਾਣ ’ਤੇ ਮੰਡੀ ਸਕੱਤਰ ਨੇ ਆੜ੍ਹਤੀਏ ਨੂੰ ਅੱਠ ਹਜ਼ਾਰ ਰੁਪਏ ਅਤੇ ਤੋਲੇ ਨੂੰ 18 ਸੌ ਰੁਪਏ ਜੁਰਮਾਨਾ ਕੀਤਾ ਹੈ। ਕਿਸਾਨ ਨੇ ਉਸ ਦੀ ਝੋਨੇ ਦੀ ਤੁਲਾਈ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਲਾਉਂਦਿਆਂ ਆੜ੍ਹਤੀਏ ਖ਼ਿਲਾਫ਼ ਕਾਰਵਾਈ ਹਿਤ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। ਪੀੜਤ ਕਿਸਾਨ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆੜ੍ਹਤ ਦੀ ਇੱਕ ਦੁਕਾਨ ਉੱਪਰ ਆਪਣੀ ਫ਼ਸਲ ਵੇਚਦਾ ਹੈ। ਉਸਨੇ ਦੋਸ਼ ਲਾਇਆ ਕਿ ਆੜ੍ਹਤੀਏ ਨੇ ਉਨ੍ਹਾਂ ਦੇ ਝੋਨੇ ਦੀ ਭਰਾਈ ਬਾਰਦਾਨੇ ਵਿਚ ਵੱਧ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 20 ਅਕਤੂਬਰ ਦੀ ਰਾਤ ਨੂੰ ਉਸ ਦੇ ਝੋਨੇ ਦੀ ਤੁਲਾਈ ਤੋਂ ਬਾਅਦ ਆੜ੍ਹਤੀਏ ਨੇ 208 ਗੱਟਿਆਂ ਦੀ ਭਰਾਈ ਦੀ ਪਰਚੀ ਦਿੱਤੀ ਸੀ। ਆੜ੍ਹਤੀ ਦੇ ਤੋਲ ਵਿਚ ਸ਼ੱਕ ਹੋਣ ’ਤੇ ਉਨ੍ਹਾਂ ਨੇ ਝੋਨੇ ਦੀ ਭਰਾਈ ਦੀਆਂ ਕੁਝ ਬੋਰੀਆ ਨੇੜਲੇ ਕੰਡੇ ’ਤੇ ਤੋਲੀਆਂ ਤਾਂ ਝੋਨੇ ਦੀਆਂ ਬੋਰੀਆਂ ਸਰਕਾਰੀ ਤੋਲ ਸਾਢੇ 37 ਕਿਲੋ ਤੋਂ ਵੱਧ ਪਾਈਆਂ ਗਈਆਂ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਮੰਡੀ ਸੁਪਰਵਾਈਜ਼ਰ ਹਰਨੇਕ ਸਿੰਘ ਨੂੰ ਦਿੱਤੀ। ਮੰਡੀ ਸੁਪਰਵਾਈਜ਼ਰ ਨੇ ਮੌਕੇ ’ਤੇ ਪੁੱਜ ਕੇ ਝੋਨੇ ਦੀ ਮੁੜ ਤੁਲਾਈ ਕਰਵਾਈ ਤਾਂ ਸੱਤ ਗੱਟੇ 17 ਕਿੱਲੋ ਝੋਨੇ ਦੀ ਭਰਤੀ ਵੱਧ ਨਿਕਲੀ, ਜਿਸਦਾ ਵਜ਼ਨ ਲਗਭਗ ਦੋ ਕਇੰਟਲ 79 ਕਿੱਲੋ ਬਣਿਆ। ਮੰਡੀ ਸੁਪਰਵਾਈਜ਼ਰ ਹਰਨੇਕ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਕਥਿਤ ਦੋਸ਼ੀ ਆੜ੍ਹਤੀਏ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਝੋਨੇ ਦੀ ਤੁਲਾਈ ਵਿਚ ਹੋਈ ਊਣਤਾਈ ਵਿਚ ਕੰਡੇ ਨੂੰ ਅੱਗੇ-ਪਿੱਛੇ ਕਰਨ ’ਤੇ ਕੰਡਾ ਅਟਕ ਗਿਆ ਹੋਵੇਗਾ, ਜਿਸ ਕਾਰਨ ਅਜਿਹੀ ਗ਼ਲਤੀ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਝੋਨੇ ਦੀ ਤੁਲਾਈ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਮੰਡੀ ਬੋਰਡ ਦੇ ਸਕੱਤਰ ਗਗਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਚੁੰਨੀ ਕਲਾਂ ਦੇ ਆੜ੍ਹਤੀ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ 8 ਹਜ਼ਾਰ ਰੁਪਏ ਅਤੇ ਤੋਲ ਵਾਲੇ ਨੂੰ 1800 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਨੇ ਉੱਚ ਅਧਿਕਾਰੀ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ।