ਅਸਲੇ ਸਣੇ ਤਿੰਨ ਗੈਂਗਸਟਰ ਕਾਬੂ

23

October

2018

ਹੁਸ਼ਿਆਰਪੁਰ, ਹੁਸ਼ਿਆਰਪੁਰ ਪੁਲੀਸ ਅਤੇ ਜਲੰਧਰ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਸਾਂਝੇ ਅਪਰੇਸ਼ਨ ਦੌਰਾਨ ਬਿੰਨੀ ਗੁੱਜਰ ਅਤੇ ਜੱਗੂ ਭਗਵਾਨਪੁਰੀਆ ਗਰੋਹ ਦੇ ਤਿੰਨ ਸਾਥੀਆਂ ਕੁਲਵੰਤ ਸਿੰਘ ਉਰਫ਼ ਗੋਪਾ ਨਵਾਂਸ਼ਹਿਰੀਆ, ਅਨਮੋਲ ਦੱਤਾ ਅਤੇ ਰਾਹੁਲ ਨੂੰ ਨਾਜਾਇਜ਼ ਹਥਿਆਰਾਂ ਤੇ ਨਸ਼ੀਲੀਆਂ ਦਵਾਈਆਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਲੁੱਟ-ਖੋਹ ਦੀਆਂ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਪੁਲੀਸ ਅਨੁਸਾਰ ਇਸੇ ਗਰੋਹ ਨੇ ਹੁਸ਼ਿਆਰਪੁਰ ਦੇ ਕੋਟ ਫਤੂਹੀ ਇਲਾਕੇ ਵਿਚ ਐਕਸਿਸ ਬੈਂਕ ਅਤੇ ਜਲੰਧਰ ਦੇ ਸ਼ਰਾਬ ਦੇ ਠੇਕੇਦਾਰ ਤੋਂ ਲੱਖਾਂ ਰੁਪਏ ਲੁੱਟੇ ਸਨ। ਪੁਲੀਸ ਦੇ ਬੁਲਾਰੇ ਅਨੁਸਾਰ ਸੂਹ ਮਿਲਣ ’ਤੇ ਅੱਜ ਜਲੰਧਰ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਸਦਰ ਥਾਣਾ ਹੁਸ਼ਿਆਰਪੁਰ ਦੀ ਸਾਂਝੀ ਟੀਮ ਨੇ ਗੋਪਾ ਅਤੇ ਉਸ ਦੇ ਸਾਥੀਆਂ ਨੂੰ ਹੁਸ਼ਿਆਰਪੁਰ-ਚੰਡੀਗੜ੍ਹ ਸੜਕ ’ਤੇ ਪਿੰਡ ਬੂਥਗੜ੍ਹ ਦੇ ਟੀ-ਪੁਆਇੰਟ ’ਤੇ ਨਾਕਾ ਲਗਾ ਕੇ ਉਦੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਮੋਟਰਸਾਈਕਲ (ਨੰਬਰ ਪੀ.ਬੀ-07-ਏ.ਕੇ-8756) ’ਤੇ ਜਾ ਰਹੇ ਸਨ। ਗੋਪਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹੈ ਜਦੋਂਕਿ ਅਨਮੋਲ ਦੱਤਾ ਉਰਫ਼ ਪ੍ਰਿੰਸ ਬਜਵਾੜਾ ਦਾ ਅਤੇ ਰਾਹੁਲ ਪਿੰਡ ਸ਼ੇਰਗੜ੍ਹ, ਹੁਸ਼ਿਆਰਪੁਰ ਦਾ ਵਾਸੀ ਹੈ। ਪੁਲੀਸ ਨੂੰ ਉਨ੍ਹਾਂ ਕੋਲੋਂ ਨਾਜਾਇਜ਼ ਪਿਸਤੌਲ, ਕਾਰਤੂਸ ਤੇ ਨਸ਼ੀਲਾ ਪਾਊਡਰ ਬਰਾਮਦ ਹੋਇਆ। ਸਦਰ ਥਾਣਾ ਹੁਸ਼ਿਆਰਪੁਰ ਵਿੱਚ ਇਨ੍ਹਾਂ ਖਿਲਾਫ਼ ਅਸਲਾ ਐਕਟ ਅਤੇ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।