ਦੁੱਧ ਦੇ 6 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ

23

October

2018

ਐਸ.ਏ.ਐਸ. ਨਗਰ (ਮੁਹਾਲੀ), ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ ’ਤੇ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਤੇ ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਤੇ ਦੁੱਧ ਵਿੱਚ ਮਿਲਾਵਟ ਬਾਰੇ ਜਾਗਰੂਕ ਕਰਨ ਲਈ ਅੱਜ ਇੱਥੋਂ ਦੇ ਫੇਜ਼-6 ਵਿੱਚ ਦੁੱਧ ਪਰਖ ਕੈਂਪ ਲਾਇਆ ਗਿਆ। ਜਿਸ ਦਾ ਉਦਘਾਟਨ ਸਮਾਜ ਸੇਵੀ ਮਨਜੀਤ ਸਿੰਘ ਨੇ ਕੀਤਾ ਤੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡੇਅਰੀ ਵਿਭਾਗ ਦੇ ਤਕਨੀਕੀ ਅਫ਼ਸਰ ਦਰਸ਼ਨ ਸਿੰਘ ਦੀ ਦੇਖ-ਰੇਖ ਹੇਠ ਲਾਏ ਗਏ ਦੁੱਧ ਪਰਖ ਕੈਂਪ ਘਰਾਂ ਵਿੱਚ ਸਪਲਾਈ ਹੁੰਦੇ ਦੁੱਧ ਦੇ 43 ਸੈਂਪਲਾਂ ਦੀ ਲੋਕਾਂ ਦੀ ਮੌਜੂਦਗੀ ਵਿੱਚ ਜਾਂਚ ਕੀਤੀ ਗਈ। ਜਿਨ੍ਹਾਂ ’ਚੋਂ 6 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ। ਦਰਸ਼ਨ ਸਿੰਘ ਨੇ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੇ ਨਮੂਨੇ ਟੈਸਟ ਕਰਨ ਮਗਰੋਂ ਨਤੀਜੇ ਲਿਖਤੀ ਰੂਪ ਵਿੱਚ ਮੌਕੇ ’ਤੇ ਹੀ ਮੁਫ਼ਤ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਹੁਣ ਸਾਰੇ ਵਿਭਾਗੀ ਦਫ਼ਤਰਾਂ ’ਚ ਵੀ ਦੁੱਧ ਦੀ ਪਰਖ ਮੁਫ਼ਤ ਕਰਵਾਈ ਜਾ ਸਕਦੀ ਹੈ। ਕਿਸੇ ਵੀ ਥਾਂ ’ਤੇ ਜੇ ਅਜਿਹਾ ਕੈਂਪ ਲਗਾਉਣਾ ਹੋਵੇ ਤਾਂ ਡੇਅਰੀ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਜਾਂ ਹੈਲਪਲਾਈਨ ਨੰਬਰ 0172-5027285 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।