ਪੁਲੀਸ ਛਾਉਣੀ ਬਣਿਆ ਸ਼ਾਹੀ ਸ਼ਹਿਰ ਪਟਿਆਲਾ

22

October

2018

ਪਟਿਆਲਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਮੋਤੀ ਮਹਿਲ’ ਦੀ ਸੁਰੱਖਿਆ ਲਈ ਸ਼ਾਹੀ ਸ਼ਹਿਰ ਪਟਿਆਲਾ ਅੱਜ ਮੁੜ ਪੁਲੀਸ ਛਾਉਣੀ ਬਣਿਆ ਰਿਹਾ। ‘ਸਾਂਝੇ ਅਧਿਆਪਕ ਮੋਰਚੇ’ ਵੱਲੋਂ ਮਹਿਲ ਘੇਰਨ ਦੇ ਪ੍ਰੋਗਰਾਮ ਤਹਿਤ ਅੱਜ ਮਹਿਲ ਦੇ ਦੁਆਲੇ ਅਤੇ ਮਹਿਲ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਹਜ਼ਾਰਾਂ ਪੁਲੀਸ ਮੁਲਾਜ਼ਮ ਤਾਇਨਾਤ ਰਹੇ। ਮੋਤੀ ਮਹਿਲ ਕਰੀਬ 35 ਏਕੜ ਰਕਬੇ ਵਿਚ ਹੈ। ਕਾਂਗਰਸ ਸਰਕਾਰ ਦੀ ਇਸ ਪਾਰੀ ਦੌਰਾਨ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਫੋਰਸ ਦੀ ਤਾਇਨਾਤੀ ਇੱਥੇ ਕੀਤੀ ਗਈ ਹੈ। ਪੱਕੇ ਤੌਰ ’ਤੇ ਤਾਇਨਾਤ ਫੋਰਸ ਤੋਂ ਇਲਾਵਾ ਅੱਜ ਹਜ਼ਾਰਾਂ ਹੋਰ ਪੁਲੀਸ ਮੁਲਾਜ਼ਮਾਂ ਨੇ ਵੀ ਮੋਰਚੇ ਸੰਭਾਲੇ ਹੋਏ ਸਨ। ਪਹਿਲਾਂ ਕਈ ਧਿਰਾਂ, ਪੁਲੀਸ ਨੂੰ ਝਕਾਨੀ ਦੇ ਕੇ ਮਹਿਲ ਤੱਕ ਅੱਪੜਦੀਆਂ ਰਹੀਆਂ ਹਨ, ਜਿਸ ਕਰਕੇ ਅੱਜ ਅਜਿਹੀਆਂ ਸਾਰੀਆਂ ਚੋਰ-ਮੋਰੀਆਂ ਬੰਦ ਕੀਤੀਆਂ ਹੋਈਆਂ ਸਨ। ਖ਼ਾਸ ਕਰਕੇ, ਮੁਜ਼ਾਹਰਾਕਾਰੀਆਂ ਲਈ ਲਾਂਘਾ ਬਣਨ ਵਾਲੇ ਭਰਪੂਰ ਗਾਰਡਨ ਵਿਚਲੇ ਰਾਹਾਂ ’ਤੇ ਵੀ ਨਾਕੇ ਲੱਗੇ ਰਹੇ। ਮਹਿਲ ਦੇ ਪਿਛਲੇ ਦੋਵਾਂ ਚੌਕਾਂ ਸਮੇਤ ਹੋਰ ਪਿੱਛੇ ਵੀ ਫੋਰਸ ਤਾਇਨਾਤ ਸੀ। ਮਹਿਲ ਨੂੰ ਜਾਂਦੇ ਰਸਤੇ ’ਤੇ ਸਥਿਤ ਸਭ ਤੋਂ ਅਹਿਮ ‘ਵਾਈਪੀਐੱਸ ਚੌਕ’ ’ਤੇ ਤਾਇਨਾਤ ਪੁਲੀਸ ਫੋਰਸ ਸਾਰੇ ਲੋੜੀਂਦੇ ਪ੍ਰਬੰਧਾਂ/ਵਸਤਾਂ ਨਾਲ ਲੈਸ ਸੀ। ਇੱਥੇ ਵੱਡੇ ਬੈਰੀਕੇਡ ਲਾਏ ਹੋਏ ਸਨ ਤੇ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਡੀਐੱਸਪੀ ਰਾਜਵਿੰਦਰ ਰੰਧਾਵਾ ਨੇ ਸੰਭਾਲੀ ਹੋਈ ਸੀ। ਮਹਿਲ ਨੂੰ ਜਾਂਦੇ ਰਸਤੇ ਵਿਚ ਹੀ ਪੋਲੋ ਗਰਾਊਂਡ ਕੋਲ ਵੀ ਵੱਡਾ ਨਾਕਾ ਸੀ। ਇੱਥੇ ਵੀ ਦੋਵੇਂ ਥਾਈਂ ਸੜਕਾਂ ’ਤੇ ਬੈਰੀਕੇਡ ਲਾ ਕੇ ਪੁਲੀਸ ਪੁਜ਼ੀਸ਼ਨਾਂ ਲਈ ਖੜ੍ਹੀ ਸੀ। ਇੱਕ ਹੋਰ ਵੱਡਾ ਨਾਕਾ ਫੁਹਾਰਾ ਚੌਕ ਤੋਂ ਲੀਲਾ ਭਵਨ ਵੱੱਲ ਸੀ। ਫੁਹਾਰਾ ਚੌਕ ’ਤੇ ਇਕ ਹਟਵਾਂ ਨਾਕਾ ਵੀ ਲਾਇਆ ਗਿਆ, ਜਿੱਥੇ ਦੋ ਹਜ਼ਾਰ ਮੁਲਾਜ਼ਮ ਤਾਇਨਾਤ ਸਨ। ਇੱਥੇ ਐੱਸਪੀ (ਸਿਟੀ) ਕੇਸਰ ਸਿੰਘ ਧਾਲੀਵਾਲ, ਹਰਵਿੰਦਰ ਵਿਰਕ, ਮਨਜੀਤ ਬਰਾੜ ਤੇ ਹਰਮੀਤ ਸਿੰਘ ਸਮੇਤ ਡੀਐੱਸਪੀ ਗੁਰਦੇਵ ਧਾਲੀਵਾਲ, ਕ੍ਰਿਸ਼ਨ ਪਾਂਥੇ ਤੇ ਯੋਗੇਸ਼ ਸ਼ਰਮਾ ਆਦਿ ਅਗਵਾਈ ਕਰ ਰਹੇ ਸਨ। ਇਸ ਦੌਰਾਨ ਆਈਜੀ ਅਮਰਦੀਪ ਸਿੰਘ ਰਾਏ ਅਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਸਾਰੇ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰ ਰੱਖੀ।ਇਸ ਦੌਰਾਨ ਛੇ ਐੱਸਪੀ, 15 ਡੀਐੱਸਪੀ, ਤਿੰਨ ਦਰਜਨ ਦੇ ਕਰੀਬ ਇੰਸਪੈਕਟਰਾਂ ਸਮੇਤ ਚਾਰ ਹਜ਼ਾਰ ਦੇ ਕਰੀਬ ਫੋਰਸ ਤਾਇਨਾਤ ਰਹੀ। ਇਨ੍ਹਾਂ ਵਿਚ ਕਮਾਂਡੋ ਫੋਰਸ ਤੇ ਆਰਪੀਐਫ ਵੀ ਸ਼ਾਮਲ ਸੀ। ਉਂਜ ਪ੍ਰਬੰਧ ਪੰਜ ਹਜ਼ਾਰ ਪੁਲੀਸ ਮੁਲਾਜ਼ਮਾਂ ਦੇ ਕੀਤੇ ਗਏ ਸਨ। ਇਸ ਮੌਕੇ ਹੰਝੂ ਗੈਸ, ਵਾਟਰ ਕੈਨਨ, ਵਜਰਾ ਵੈਨ, ਸੀਸੀਟੀਵੀ ਕੈਮਰੇ ਵੈਨ ਤੇ ਦੰਗਾ ਰੋਕੂ ਗੱਡੀਆਂ ਆਦਿ ਦੇ ਵੱਖਰੇ ਪ੍ਰਬੰਧ ਸਨ। ਡੀਜੀਪੀ (ਲਾਅ ਐਂਡ ਆਰਡਰ) ਹਰਦੀਪ ਸਿੰਘ ਢਿੱਲੋਂ ਅਤੇ ਏਡੀਜੀਪੀ (ਲਾਅ ਐਂਡ ਆਰਡਰ) ਇਸ਼ਵਰ ਸਿੰਘ ਵੀ ਹਾਜ਼ਰ ਸਨ।