ਸਕੂਲਾਂ ਦੇ ਮਾਲਕਾਂ ਨੇ ਰੋਡਵੇਜ਼ ਤੋਂ ਬੱਸਾਂ ਵਾਪਸ ਮੰਗੀਆਂ

22

October

2018

ਪੰਚਕੂਲਾ, ‘ਬਗਾਨੇ ਪਾਇਆ ਗਹਿਣਾ ਮੋਹ ਲਿਆ, ਬਗਾਨੇ ਮਾਰੀ ਚੰਡ ਗਹਿਣਾ ਖੋਹ ਲਿਆ’ ਦੀ ਤਰਜ਼ ’ਤੇ ਅੱਜ ਪੰਚਕੂਲਾ ਵਿੱਚ ਚੱਲ ਰਹੀਆਂ ਸਕੂਲ ਬੱਸਾਂ ਵਾਪਿਸ ਲੈ ਲਈਆਂ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਨਾਲ ਹੀ ਮੁਲਾਜ਼ਮ ਜਿਹੜੇ ਹੜਤਾਲ ’ਤੇ ਸਨ ਉਨ੍ਹਾਂ ਵਿੱਚ ਵੀ ਇਕ ਨਵੀਂ ਊਰਜਾ ਪੈਦਾ ਹੋ ਗਈ ਹੈ। ਕਿਉਂਕਿ ਸੋਮਵਾਰ ਨੂੰ ਸਕੂਲ ਖੁੱਲ੍ਹ ਜਾਣੇ ਹਨ ਤੇ ਸਵੇਰ ਤੋਂ ਹੀ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਲੈ ਕੇ ਆਉਣਾ ਹੈ। ਰੋਡਵੇਜ਼ ਦੀ ਅੱਜ ਛੇਵੇਂ ਦਿਨ ਹੜਤਾਲ ਹੋਣ ਕਾਰਨ ਹੁਣ ਸਵਾਰੀਆਂ ਆਪਣੇ ਆਪ ਹੀ ਬੱਸ ਅੱਡਿਆਂ ’ਤੇ ਘਟ ਗਈਆਂ ਹਨ। ਪੰਚਕੂਲਾ ਦਾ ਬੱਸ ਅੱਡਾ ਅੱਜ ਸੁੰਨਾ ਰਿਹਾ ਤੇ ਇਕ ਅੱਧੀ ਹੀ ਸਕੂਲੀ ਬੱਸ ਵਿਖਾਈ ਦਿੱਤੀ। ਰੋਡਵੇਜ਼ ਦੇ ਕਾਉਂਟਰਾਂ ’ਤੇ ਭਾਰੀ ਪੁਲੀਸ ਫੋਰਸ ਆਪਣੀਆਂ ਗੱਡੀਆਂ ਲੈ ਕੇ ਖੜ੍ਹੀ ਸੀ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਉਧਰ, ਪੰਚਕੂਲਾ ਦੇ ਬੱਸ ਅੱਡੇ ਦੇ ਬਾਹਰ ਰੋਡਵੇਜ਼ ਦੇ ਮੁਲਾਜ਼ਮਾਂ ਨੇ ਧਰਨਾ ਦਿੱਤਾ ਤੇ ਕਿਹਾ ਕਿ ਫਿੱਲਹਾਲ 22 ਅਕਤੂਬਰ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਹੈ। ਉਨ੍ਹਾਂ ਦੀ ਮਗ ਹੈ ਕਿ 720 ਪ੍ਰਾਈਵੇਟ ਬੱਸਾਂ ਨੂੰ ਕਿਲੋਮੀਟਰ ਸਕੀਮ ਅੀਧਨ ਪਰਮਿਟ ਦਿੱਤੇ ਜਾਣੇ ਬੰਦ ਕੀਤੇ ਜਾਣ। ਅੱਜ ਇਸ ਧਰਨੇ ਨੂੰ ਹਰਿਆਣਾ ਵਿਦਿਆਲਾ ਅਧਿਆਪਕ ਸੰਘ ਵੱਲੋਂ ਅਧਿਆਪਕ ਆਗੂ ਲੈਕਸੀ, ਪਿਤਾਂਬਰ ਮੋਹਨ, ਵਿਜੇ ਪਾਲ, ਜਨਵਾਦੀ ਮਹਿਲਾ ਸਮਿਤੀ ਵੱਲੋਂ ਨਿਰਮਲਾ ਦੇਵੀ ਆਸ਼ਾ ਵਰਕਰ ਯੂਨੀਅਨ ਵੱਲੋਂ ਰੰਜਨਾ ਦੇਵੀ ਸਰਵ ਕਰਮਚਾਰੀ ਸੰਘ ਵੱਲੋਂ ਰਾਮਪਾਲ ਮਲਿਕ ਫਾਇਰ ਬ੍ਰਿਗੇਡ ਯੂਨੀਅਨ ਵੱਲੋਂ ਆਨੰਦ ਸਿੰਘ, ਸਿਹਤ ਵਿਭਾਗ ਵੱਲੋਂ ਸੁਰਿੰਦਰ ਸਿੰਘ ਤੇ ਹਰਿਆਣਾ ਰੋਡਵੇਜ਼ ਵੱਲੋਂ ਗੁਰਦੀਪ ਸਿੰਘ ਸਰਵਣ ਸਿੰਘ ਜਾਂਗੜਾ ਨੇ ਸੰਬੋਧਨ ਕੀਤਾ। ਉਧਰ, ਪੰਚਕੂਲਾ ਡਿੱਪੂ ਦੇ ਜਨਰਲ ਮੈਨੇਜਰ ਡਾ. ਭੰਵਰ ਸਿੰਘ ਨੇ ਅੱਜ ਫਿਰ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ। ਉਨ੍ਹਾਂ ਦੱਸਿਆ ਕਿ ਪੰਚਕੂਲਾ ਡਿੱਪੂ ਨੂੰ ਹੜਤਾਲ ਕਾਰਨ ਅੱਠ ਲੱਖ ਰੁਪਏ ਦਾ ਘਾਟਾ ਪੈ ਰਿਹਾ ਹੈ।