ਵੋਟ ਬੈਂਕ ਖਾਤਰ ਅਕਾਲੀਆਂ ਨੇ ਧਾਰਮਿਕ ਸਰਗਰਮੀਆਂ ਵੱਲ ਮੋੜਾ ਕੱਟਿਆ

18

October

2018

ਫ਼ਰੀਦਕੋਟ, ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਿਆਂ ’ਤੇ ਸਿੱਖ ਸੰਗਤ ਦੇ ਰੋਹ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਸਿਆਸੀ ਸਮਾਗਮਾਂ ਦੀ ਥਾਂ ਧਾਰਮਿਕ ਸਰਗਰਮੀਆਂ ਵੱਲ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਅਕਾਲੀ ਦਲ ਆਪਣੀ ਰਵਾਇਤੀ ਵੋਟ ਬਚਾਉਣ ਲਈ ਫ਼ਿਕਰਮੰਦ ਹੈ ਤੇ ਚੋਣਾਂ ਤੋਂ ਪਹਿਲਾਂ ਬੇਅਦਬੀ ਕਾਂਡ ਦਾ ਰੋਹ ਸ਼ਾਂਤ ਕਰਨ ਲਈ ਅਕਾਲੀ ਦਲ ਨੇ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਦੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਲੇ ਦਿਨਾਂ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਹੋਰ ਪਿੰਡਾਂ ਵਿੱਚ ਵੀ ਧਾਰਮਿਕ ਸਥਾਨਾਂ ਲਈ ਮੁਫ਼ਤ ਬੱਸਾਂ ਭੇਜਣ ਦਾ ਪ੍ਰਬੰਧ ਕਰ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਲਖਵੀਰ ਸਿੰਘ ਅਰਾਈਆਂ ਵਾਲਾ ਨੇ ਕਮੇਟੀ ਤੋਂ ਬੱਸਾਂ ਮੰਗਵਾ ਕੇ ਹਲਕੇ ਦੇ ਲੋਕਾਂ ਨੂੰ ਮੁਫ਼ਤ ਧਾਰਮਿਕ ਯਾਤਰਾ ਕਰਵਾਉਣ ਦੀ ਮੁਹਿੰਮ ਵਿੱਢੀ ਹੈ। ਲਖਵੀਰ ਸਿੰਘ ਅਰਾਈਆਂ ਵਾਲਾ ਨੇ ਅੱਜ ਤਖ਼ਤ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਲਈ ਇੱਥੋਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਿੰਦਰ ਕੌਰ ਭੋਲੂਵਾਲਾ ਅਤੇ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ ਵੀ ਸ਼ਾਮਲ ਹੋਏ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਬਰਗਾੜੀ ਵਿਚ ਲੱਗੇ ਇਨਸਾਫ਼ ਮੋਰਚੇ ਦੀਆਂ ਸਰਗਰਮੀਆਂ ਵਧਣ ਤੋਂ ਬਾਅਦ ਇਲਾਕੇ ਵਿੱਚ ਅਕਾਲੀ ਦਲ ਖ਼ਿਲਾਫ਼ ਲੋਕ ਰੋਹ ਕਾਫ਼ੀ ਵਧਿਆ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਬਹੁਤੇ ਅਕਾਲੀ ਆਗੂਆਂ ਦੀਆਂ ਹਲਕਿਆਂ ਵਿੱਚ ਸਰਗਰਮੀਆਂ ਨਾਮਾਤਰ ਹੀ ਹਨ। ਸਤੰਬਰ ਵਿੱਚ ਅਕਾਲੀ ਦਲ ਨੇ ਫ਼ਰੀਦਕੋਟ ਵਿੱਚ ਦੋ ਵੱਡੇ ਸਿਆਸੀ ਸਮਾਗਮ ਕੀਤੇ ਸਨ ਅਤੇ ਦੋਹਾਂ ਸਮਾਗਮਾਂ ਵਿੱਚ ਹੀ ਗਰਮਖਿਆਲੀ ਸਿੱਖ ਜਥੇਬੰਦੀਆਂ ਅਤੇ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਤਿੱਖਾ ਟਕਰਾਅ ਹੋਇਆ ਸੀ। ‘ਮੁਫ਼ਤ ਯਾਤਰਾ ਮੁਹਿੰਮ ਨੂੰ ਸਿਆਸੀ ਨਜ਼ਰੀਏ ਤੋਂ ਨਾ ਦੇਖਿਆ ਜਾਵੇ’ ਸਿਆਸੀ ਅਕਾਲੀ ਆਗੂ ਲਖਵੀਰ ਸਿੰਘ ਅਰਾਈਆਂ ਵਾਲਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਸਿਆਸੀ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ।