Arash Info Corporation

ਅੱਧਾ ਕਿੱਲੋ ਅਫੀਮ ਤੇ ਨਸ਼ੀਲੇ ਕੈਪਸੂਲਾਂ ਸਣੇ ਦੋ ਗ੍ਰਿਫ਼ਤਾਰ

18

October

2018

ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਦੀ ਕਰਾਈਮ ਬ੍ਰਾਂਚ ਤੇ ਅਪਰੇਸ਼ਨ ਸੈੱਲ ਦੀ ਟੀਮ ਨੇ ਵੱਖ-ਵੱਖ ਥਾਵਾਂ ਤੋਂ ਦੋ ਜਣਿਆਂ ਨੂੰ ਅੱਧਾ ਕਿੱਲੋ ਅਫੀਮ ਅਤੇ 160 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੰਚਕੂਲਾ ਦੇ ਸਕੇਤੜੀ ਵਾਸੀ ਬਾਬੂਰਾਮ ਅਤੇ ਚੰਡੀਗੜ੍ਹ ਦੇ ਕਿਸ਼ਨਗੜ੍ਹ ਵਾਸੀ ਜਗਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਪੁਲੀਸ ਦੀ ਕਰਾਈਮ ਬ੍ਰਾਂਚ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਸੁਖਨਾ ਝੀਲ ਨੇੜੇ ਇੱਕ ਵਿਅਕਤੀ ਨਸ਼ੀਲੇ ਪਦਾਰਥ ਲੈਕੇ ਘੁੰਮ ਰਿਹਾ ਹੈ। ਸੂਚਨਾ ਮਿਲਦੇ ਹੀ ਕਰਾਈਮ ਬ੍ਰਾਂਚ ਦੀ ਟੀਮ ਨੇ ਝੀਲ ਨੇੜੇ ਜਾ ਕੇ ਪੜਤਾਲ ਕੀਤੀ ਤਾਂ ਉਥੇ ਉਨ੍ਹਾਂ ਨੇ ਪੁਲੀਸ ਨੇ ਦੇਖਕੇ ਇੱਕ ਵਿਅਕਤੀ ਨੂੰ ਭੱਜਦੇ ਹੋਏ ਦੇਖਿਆ। ਪੁਲੀਸ ਨੇ ਪਿੱਛਾ ਕਰਕੇ ਵਿਅਕਤੀ ਨੂੰ ਕਾਬੂ ਕਰ ਲਿਆ। ਉਸਦੀ ਪਛਾਣ ਬਾਬੂ ਰਾਮ ਵਜੋਂ ਹੋਈ ਹੈ। ਤਲਾਸ਼ੀ ਲੈਣ ’ਤੇ ਉਸ ਕੋਲੋਂ ਅੱਧਾ ਕਿੱਲੋ ਅਫੀਮ ਬਰਾਮਦ ਹੋਈ। ਇਸੇ ਤਰ੍ਹਾਂ ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਥੇ ਕਿਸ਼ਨਗੜ੍ਹ ਦੀ ਮੁੱਖ ਸੜਕ ਤੋਂ ਜਗਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਸਦੇ ਕਬਜ਼ੇ ’ਚੋਂ 160 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਪੁਲੀਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।