ਸਿਹਤ ਵਿਭਾਗ ਨੇ ਨਿੱਜੀ ਹਸਪਤਾਲ ਦੀ ਅਲਟਰਾਸਾਊਂਡ ਮਸ਼ੀਨ ਸੀਲ ਕੀਤੀ

18

October

2018

ਫਤਹਿਗੜ੍ਹ ਸਾਹਿਬ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਰਨ ਸਾਗਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੇ ਡਾਕਟਰਾਂ ਦੀ ਟੀਮ ਨੇ ਚਾਰ ਨੰਬਰ ਚੁੰਗੀ ਨੇੜੇ ਸਥਿਤ ਨਿੱਜੀ ਹਸਪਤਾਲ ਵਿੱਚ ਛਾਪਾ ਮਾਰ ਕੇ ਹਸਪਤਾਲ ਵਿੱਚ ਰੱਖੀ ਅਲਟਰਾਸਾਊਂਡ ਮਸ਼ੀਨ ਸੀਲ ਕਰ ਦਿੱਤੀ। ਟੀਮ ਨੇ ਹਸਪਤਾਲ ਦੇ ਡਾਕਟਰ, ਜੋ ਕਿ ਬੀ.ਏ.ਐਮ.ਐੱਸ. ਹੈ, ਖ਼ਿਲਾਫ਼ ਗੈਰਕਾਨੂੰਨੀ ਤਰੀਕੇ ਨਾਲ ਅਲਟਰਾਸਾਊਂਡ ਕਰਨ ਦੇ ਦੋਸ਼ ਲਗਾਏ ਹਨ। ਡਾ. ਕਰਨ ਸਾਗਰ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਮਹੇਸ਼ ਹਸਪਤਾਲ ਦੇ ਮਾਲਕ ਡਾ. ਮਹੇਸ਼ ਵੱਲੋਂ ਮਰੀਜ਼ਾਂ ਦਾ ਅਲਟਰਾਸਾਊਂਡ ਕੀਤਾ ਜਾਂਦਾ ਹੈ ਜਦੋਂਕਿ ਨਿਯਮਾਂ ਮੁਤਾਬਿਕ ਉਹ ਸੋਨੋਲੌਜਿਸਟ ਨਾ ਹੋਣ ਕਾਰਨ ਅਲਟਰਾਸਾਊਂਡ ਨਹੀਂ ਕਰ ਸਕਦਾ। ਟੀਮ ਨੇ ਇਕ ਫ਼ਰਜ਼ੀ ਮਰੀਜ਼ ਗੁਰਸੇਵਕ ਸਿੰਘ ਵਾਸੀ ਜਮੀਤਗੜ੍ਹ ਨੂੰ ਇੱਕ ਹਜ਼ਾਰ ਰੁਪਏ ਦੇ ਕੇ ਹਸਪਤਾਲ ਵਿੱਚ ਅਲਟਰਾਸਾਊਂਡ ਕਰਵਾਉਣ ਲਈ ਭੇਜਿਆ। ਮਰੀਜ਼ ਨੇ ਡਾਕਟਰ ਮਹੇਸ਼ ਨੂੰ ਪੇਟ ਵਿੱਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਤਾਂ ਡਾ. ਮਹੇਸ਼ ਨੇ ਉਸ ਤੋਂ 850 ਰੁਪਏ ਲੈ ਕੇ ਉਸ ਦਾ ਅਲਟਰਾਸਾਊਂਡ ਕਰ ਦਿੱਤਾ। ਬਾਹਰ ਖੜ੍ਹੀ ਡਾਕਟਰਾਂ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਅਲਟਰਾਸਾਊਂਡ ਦੇ ਕਮਰੇ ਵਿੱਚ ਜਾ ਕੇ ਡਾ. ਮਹੇਸ਼ ਕੋਲੋਂ 500-500 ਰੁਪਏ ਦੇ ਦੋ ਨੋਟ ਬਰਾਮਦ ਕਰ ਲਏ। ਉਧਰ ਮਰੀਜ਼ ਗੁਰਸੇਵਕ ਨੇ ਵੀ ਟੀਮ ਨੂੰ ਬਿਆਨ ਦਿੱਤੇ ਕਿ ਉਸ ਦਾ ਅਲਟਰਾਸਾਊਂਡ ਡਾ. ਮਹੇਸ਼ ਵੱਲੋਂ ਕੀਤਾ ਗਿਆ ਹੈ। ਟੀਮ ਨੇ ਦੱਸਿਆ ਕਿ ਇਹ ਅਲਟਰਾਸਾਊਂਡ ਮਸ਼ੀਨ ਸੋਨੋਲੌਜਿਸਟ ਡਾ. ਜਤਿੰਦਰ ਇਕਬਾਲ ਸੱਗੂ ਦੇ ਨਾਮ ਉੱਪਰ ਰਜਿਸਟਰਡ ਹੈ। ਉਨ੍ਹਾਂ ਦੱਸਿਆ ਕਿ ਡਾ. ਸੱਗੂ ਅਤੇ ਡਾ. ਮਹੇਸ਼ ਦੇ ਬਿਆਨ ਦਰਜ ਕਰ ਕੇ ਮਸ਼ੀਨ ਨੂੰ ਟੀਮ ਨੇ ਸੀਲ ਕਰ ਦਿੱਤਾ ਹੈ। ਡਾਕਟਰ ਨੇ ਦੋਸ਼ ਨਕਾਰੇ ਡਾ. ਮਹੇਸ਼ ਨੇ ਕਿਹਾ ਕਿ ਉਨ੍ਹਾਂ ਕਿਸੇ ਵੀ ਮਰੀਜ਼ ਦਾ ਅਲਟਰਾਸਾਊਂਡ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਰੀਜ਼ ਦਾ ਅਲਟਰਾਸਾਊਂਡ ਅਧਿਕਾਰਤ ਡਾਕਟਰ ਵੱਲੋਂ ਹੀ ਕੀਤਾ ਗਿਆ ਹੈ। ਅਲਟਰਾਸਾਊਂਡ ਸਲਿਪ ਉੱਪਰ ਬਕਾਇਦਾ ਅਧਿਕਾਰਤ ਡਾਕਟਰ ਦੇ ਦਸਤਖ਼ਤ ਹਨ। ਮਰੀਜ਼ ਅਲਟਰਾਸਾਊਂਡ ਕਰਵਾ ਕੇ ਸਿਵਲ ਹਸਪਤਾਲ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ ਕਿਉਂਕਿ ਅਲਟਰਾਸਾਊਂਡ ਵੀ ਪੁਰਸ਼ ਦਾ ਹੋਇਆ ਹੈ, ਕਿਸੇ ਗਰਭਵਤੀ ਮਹਿਲਾ ਦਾ ਨਹੀਂ।