ਨੈਸਲੇ ਫੈਕਟਰੀ ਅੱਗੇ ਧਰਨੇ ’ਤੇ ਬੈਠੇ ਮਜ਼ਦੂਰ ਪੁਲੀਸ ਨੇ ਚੁੱਕੇ

17

October

2018

ਮੋਗਾ, ਇੱਥੇ ਨੈਸਲੇ ਫੈਕਟਰੀ ਵਿਚ ਠੇਕੇਦਾਰ ਕੋਲ 10 ਸਾਲਾਂ ਤੋਂ ਕੰਮ ਕਰ ਰਹੇ 7 ਮਜ਼ਦੂਰਾਂ ਨੂੰ ਮੁਅੱਤਲ ਕਰਨ ਅਤੇ ਕੁਝ ਮਜ਼ਦੂਰਾਂ ਦਾ ਗੁਜਰਾਤ ਤਬਾਦਲਾ ਕਰਨ ਖ਼ਿਲਾਫ਼ 17 ਦਿਨ ਤੋਂ ਭੁੱਖ ਹੜਤਾਲ ਉੱਤੇ ਬੈਠੇ ਮਜ਼ਦੂਰਾਂ ’ਤੇ ਪੁਲੀਸ ਨੇ ਕਹਿਰ ਢਾਹ ਦਿੱਤਾ। ਪੁਲੀਸ ਨੇ ਤੜਕਸਾਰ ਸੁੱਤੇ ਪਏ 14 ਮਜ਼ਦੂਰਾਂ ਨੂੰ ਹਿਰਾਸਤ ਵਿਚ ਲੈਣ ਮਗਰੋਂ ਉਨ੍ਹਾਂ ਦਾ ਟੈਂਟ ਪੁੱਟ ਦਿੱਤਾ ਤੇ ਸਾਰਾ ਸਾਮਾਨ ਕਬਜ਼ੇ ਵਿਚ ਲੈ ਲਿਆ। ਇਸ ਤੋਂ ਬਾਅਦ ਮਜ਼ਦੂਰਾਂ ਨੂੰ ਫ਼ਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਅਤੇ ਨੈਸਲੇ ਫੈਕਟਰੀ ਦੇ ਗੇਟ ਅੱਗੇ ਪੁਲੀਸ ਦਾ ਪਹਿਰਾ ਲਾ ਦਿੱਤਾ ਗਿਆ। ਪੁਲੀਸ ਨੇ ਮੀਡੀਆ ਕਵਰੇਜ ਦੇ ਡਰੋਂ ਤੜਕਸਾਰ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਆਗੂ ਜਗਵੀਰ ਕੌਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਆਗੂਆਂ ਮੰਗਾ ਸਿੰਘ ਵੈਰੋਕੇ ਨੇ ਸੁੱਤੇ ਪਏ ਮਜ਼ਦੂਰਾਂ ਉੱਤੇ ਪੁਲੀਸ ਕਹਿਰ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਤੜਕੇ 5 ਵਜੇ ਐੱਸਪੀ ਤੇ ਡੀਐੱਸਪੀਜ਼ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਨੈਸਲੇ ਫੈਕਟਰੀ ਅੱਗੇ ਧਰਨਾ ਦੇ ਰਹੇ ਮਜ਼ਦੂਰਾਂ ਨੂੰ ਧੂਹ ਕੇ ਬੱਸ ਵਿਚ ਸੁੱਟ ਲਿਆ ਅਤੇ ਉਨ੍ਹਾਂ ਦਾ ਟੈਂਟ ਤੇ ਜਨਰੇਟਰ ਆਦਿ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਨੂੰ ਥਾਣੇ ਬੰਦ ਕਰ ਦਿੱਤਾ ਗਿਆ। ਉਨ੍ਹਾਂ ਸਿਵਲ ਪ੍ਰਸ਼ਾਸਨ ਤੇ ਪੁਲੀਸ ’ਤੇ ਠੇਕੇਦਾਰ ਤੇ ਫੈਕਟਰੀ ਪ੍ਰਬੰਧਕਾਂ ਦਾ ਪੱਖ ਪੂਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਠੇਕੇਦਾਰ ਉੱਤੇ ਆਰਥਿਕ ਸ਼ੋਸ਼ਣ ਤੇ ਹੋਰ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਮਜ਼ਦੂਰਾਂ ਨੂੰ ਹੋਰ ਢੰਗ ਤਰੀਕਿਆਂ ਨਾਲ ਵੀ ਪਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਜ਼ਦੂਰ ਧੱਕੇਸ਼ਾਹੀ ਦਾ ਵਿਰੋਧ ਕਰਦਾ ਹੈ ਤਾਂ ਠੇਕੇਦਾਰ ਉਸ ਦੀ ਬਦਲੀ ਸੂਬੇ ਤੋਂ ਬਾਹਰ ਕਰ ਦਿੰਦਾ ਹੈ। ਉਨ੍ਹ੍ਹਾਂ ਦੱਸਿਆ ਕਿ ਠੇਕੇਦਾਰ ਨੇ ਰਣਧੀਰ ਸਿੰਘ, ਗੁਰਪ੍ਰੀਤ ਸਿੰਘ, ਸੂਬਾ ਸਿੰਘ, ਰਮਨਦੀਪ ਸਿੰਘ, ਰਾਜਪਾਲ ਸਿੰਘ ਤੇ ਗੁਰਦੀਪ ਸਿੰਘ ਅਤੇ ਗੁਰਪ੍ਰੀਤ ਕੰਗ ਮਜ਼ਦੂਰਾਂ ਦੀ ਗੁਜਰਾਤ ਵਿਚ ਬਦਲੀ ਕਰਨ ਤੋਂ ਇਲਾਵਾ ਬਲਵਿੰਦਰ ਸਿੰਘ ਅਤੇ ਬਲਜੀਤ ਸਿੰਘ ਨੂੰ ਬਿਨਾਂ ਕਿਸੇ ਕਾਰਨ ਮੁਅੱਤਲੀ ਖ਼ਿਲਾਫ਼ ਮਜ਼ਦੂਰ 17 ਦਿਨ ਤੋਂ ਸ਼ਾਂਤਮਈ ਧਰਨਾ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਨੈਸਲੇ ਵਰਕਰ ਯੂਨੀਅਨ ਦੇ 14 ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ਰਮਨਾਕ ਤੇ ਘਿਨਾਉਣਾ ਵਰਤਾਰਾ ਹੈ। ਡੀਐੱਸਪੀ ਸਿਟੀ ਕੇਸਰ ਸਿੰਘ ਨੇ ਮਜ਼ਦੂਰਾਂ ਨੂੰ ਅਮਨ ਕਾਨੂੰਨ ਭੰਗ ਕਰਨ (107/151) ਸੀਆਰਪੀਸੀ ਤਹਿਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਦੀ ਪੁਸ਼ਟੀ ਕੀਤੀ ਹੈ। ਨੈਸਲੇ ਫੈਕਟਰੀ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਇਹ ਵਰਕਰ ਸਿੱਧੇ ਤੌਰ ’ਤੇ ਅਦਾਰੇ ਦੇ ਨਹੀਂ, ਬਲਕਿ ਠੇਕੇਦਾਰ ਦੇ ਮੁਲਾਜ਼ਮ ਸਨ।