ਬੇਅਦਬੀ: ਗੁਟਕਿਆਂ ਦੀਆਂ ਜਿਲਦਾਂ ਮਿਲਣ ਦਾ ਮਾਮਲਾ ਭਖ਼ਿਆ

17

October

2018

ਐੱਸ.ਏ.ਐੱਸ. ਨਗਰ (ਮੁਹਾਲੀ), ਇੱਥੋਂ ਦੇ ਫੇਜ਼-7 ਅਤੇ ਫੇਜ਼-3ਬੀ2 ਨੂੰ ਵੰਡਦੀ ਮੁੱਖ ਸੜਕ ਉੱਤੇ ਫੇਜ਼-7 ਦੇ ਸ਼ੋਅਰੂਮਾਂ ਵਾਲੇ ਪਾਸੇ ਗੁਰਬਾਣੀ ਦੇ ਗੁਟਕਿਆਂ (ਨਿਤਨੇਮ ਅਤੇ ਸੁਖਮਣੀ ਸਾਹਿਬ) ਦੀਆਂ ਕਰੀਬ 33 ਜਿਲਦਾਂ ਮਿਲਣ ਦਾ ਮਾਮਲਾ ਅਕਾਲ ਤਖ਼ਤ ਦੇ ਜਥੇਦਾਰ ਕੋਲ ਪਹੁੰਚ ਗਿਆ ਹੈ। ਇਨ੍ਹਾਂ ਜਿਲਦਾਂ ਅੰਦਰਲੇ ਪੱਤਰੇ ਗਾਇਬ ਸਨ। ਇਸ ਤੋਂ ਪਹਿਲਾਂ ਇਸੇ ਸੜਕ ’ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਅਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਪਈਆਂ ਮਿਲੀਆਂ ਸਨ। ਇਹ ਮਾਮਲਾ ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਜਥੇਦਾਰ ਕੋਲ ਚੁੱਕਿਆ ਹੈ। ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮੁਹਾਲੀ ਵਿੱਚ ਕੁਝ ਦਿਨ ਪਹਿਲਾਂ ਮਿਲੀਆਂ ਗੁਟਕਾ ਸਾਹਿਬ ਦੀਆਂ ਜਿਲਦਾਂ ਅਸਲ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਅੱਗ ਲਾਉਣ ਦੀ ਸਾਜ਼ਿਸ਼ ਹੈ। ਪੁਲੀਸ ਅਤੇ ਪ੍ਰਸ਼ਾਸਨ ਨੂੰ ਇਸ ਘਟਨਾ ਪਿੱਛੇ ਲੁਕੀ ਸਾਜ਼ਿਸ਼ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਨਿੱਜੀ ਦਖ਼ਲ ਦੇ ਕੇ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਇਆ ਜਾਵੇ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮੁਹਾਲੀ ਵਿੱਚ ਬੀਤੀ 9 ਅਕਤੂਬਰ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁਟਕਾ ਸਾਹਿਬ ਦੀਆਂ ਢਾਈ ਦਰਜਨ ਤੋਂ ਵੱਧ ਜਿਲਦਾਂ ਸੜਕ ਕਿਨਾਰੇ ਸੁੱਟ ਦਿੱਤੀਆਂ ਗਈਆਂ ਸਨ ਹਾਲਾਂਕਿ ਸੂਚਨਾ ਮਿਲਣ ’ਤੇ ਪੁਲੀਸ ਇਹ ਜਿਲਦਾਂ ਕਬਜ਼ੇ ਵਿੱਚ ਲੈ ਲਈਆਂ ਸਨ ਪ੍ਰੰਤੂ ਹੁਣ ਤੱਕ ਕੋਈ ਅਪਰਾਧਿਕ ਕੇਸ ਦਰਜ ਨਹੀਂ ਕੀਤਾ ਗਿਆ। ਇਸ ਤੋਂ ਜਾਪਦਾ ਹੈ ਕਿ ਪੁਲੀਸ ਵੱਲੋਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਥੇਦਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਕਲਗੀਧਰ ਸੇਵਕ ਜਥਾ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਕਮੇਟੀ ਬਣਾਈ ਗਈ ਹੈ, ਜਿਸ ਵੱਲੋਂ ਜਾਂਚ ਕਰਕੇ ਉਨ੍ਹਾਂ ਨੂੰ ਰਿਪੋਰਟ ਦਿੱਤੀ ਜਾਵੇਗੀ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਜਾ ਰਿਹਾ ਹੈ।