ਸਖ਼ਤੀ ਦੇ ਬਾਵਜੂਦ ਪਰਾਲੀ ਸਾੜਨ ਦਾ ਅਮਲ ਬਿਨਾਂ ਡਰ ਤੋਂ ਜਾਰੀ

16

October

2018

ਸ਼ਾਹਬਾਦ ਮਾਰਕੰਡਾ, ਸੂਬਾ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਬੰਧੀ ਕੀਤੇ ਜਾਂਦੇ ਦਾਅਵੇ ਠੁੱਸ ਹੁੰਦੇ ਦਿਖਾਈ ਦੇ ਰਹੇ ਹਨ। ਇਕ ਪਾਸੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰ ਰਹੇ ਹਨ ਤੇ ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਵੀ ਲਗਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਕਿਸਾਨ ਵਰਗ ਪਰਾਲੀ ਸਾੜਨ ਤੋਂ ਬਾਜ਼ ਨਹੀਂ ਆ ਰਿਹਾ ਹੈ। ਦੱਸਣਯੋਗ ਹੈ ਕਿ ਦਿਨ ਵੇਲੇ ਖੇਤਾਂ ਵਿੱਚ ਕੰਬਾਈਨ ਨਾਲ ਝੋਨੇ ਦੀ ਕਟਾਈ ਕੀਤੀ ਜਾ ਰਹੀ ਹੈ ਤੇ ਦੇਰ ਸ਼ਾਮ ਕਿਸਾਨ ਝੋਨੇ ਦੀ ਪਰਾਲੀ ਤੇ ਹੋਰ ਰਹਿੰਦ ਖੂੰਹਦ ਨੂੰ ਅੱਗ ਲਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਇਹ ਅਮਲ ਦੇਰ ਸ਼ਾਮ ਤੱਕ ਜਾਰੀ ਰਹਿੰਦਾ ਹੈ। ਖੇਤਾਂ ਵਿੱਚੋਂ ਉੱਠਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਸਾਂਹ ਲੈਣ ਵੀ ਔਖਾ ਹੋ ਜਾਂਦਾ ਹੈ ਤੇ ਅੱਖਾਂ ਵਿੱਚ ਜਲਣ ਹੁੰਦੀ ਹੈ। ਪਿਛਲੇ ਕਰੀਬ 15 ਦਿਨਾਂ ਤੋਂ ਇਲਾਕੇ ਵਿੱਚ ਝੋਨੇ ਦੀ ਕਟਾਈ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਅਜਿਹਾ ਕੋਈ ਦਿਨ ਨਹੀਂ ਜਿਸ ਦਿਨ ਇਕੱਲੇ ਬਾਬੈਨ ਖੇਤਰ ਵਿੱਚ 10 ਤੋਂ 15 ਏਕੜ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਏ। ਖੇਤਰ ਦੇ ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਵੇ ਤੇ ਇਸ ਦਾ ਸਥਾਈ ਹੱਲ ਲੱਭੇ। ਕੀ ਕਹਿੰਦੇ ਨੇ ਅਧਿਕਾਰੀ ਡਿਊਟੀ ਮੈਜਿਸਟਰੇਟ ਤੇ ਨਾਇਬ ਤਹਿਸੀਲਦਾਰ ਸਾਹਿਬ ਸਿੰਘ ਨੇ ਕਿਹਾ ਕਿ ਉਹ ਹਰ ਰੋਜ਼ ਖੁਦ ਹਲਕਾ ਪਟਵਾਰੀਆਂ ਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਆਪਣੇ ਜ਼ੋਨ ਦੇ ਪਿੰਡਾਂ ਵਿੱਚ ਜਾਂਦੇ ਹਨ ਤੇ ਕਿਸਾਨਾਂ ਨੂੰ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਨਾ ਸਾੜਨ ਲਈ ਪ੍ਰੇਰਦੇ ਹਨ ਪਰ ਕੁਝ ਕਿਸਾਨ ਅਜੇ ਵੀ ਨਹੀਂ ਮੰਨਦੇ ਤੇ ਚੋਰੀ ਛੁਪੇ ਪਰਾਲੀ ਨੂੰ ਅੱਗ ਲਾ ਦਿੰਦੇ ਹਨ। ਉਨ੍ਹਾਂ ਦੀ ਟੀਮ ਨੇ ਅੱਗ ਲਾਉਣ ਵਾਲੇ ਕਿਸਾਨਾਂ ਦੇ ਨਾਂ ਐੱਸਡੀਐੱਮ ਦਫਤਰ ਭੇਜ ਦਿੱਤੇ ਹਨ, ਜਿਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ ਤੇ ਜੁਰਮਾਨਾ ਵੀ ਹੋਵੇਗਾ।