ਯੂਥ ਕਾਂਗਰਸ ਵੱਲੋਂ ਐੱਮ.ਜੇ. ਅਕਬਰ ਖ਼ਿਲਾਫ਼ ਪ੍ਰਦਰਸ਼ਨ

16

October

2018

ਨਵੀਂ ਦਿੱਲੀ, ਕਾਂਗਰਸ ਦੀ ਯੂਥ ਇਕਾਈ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐੱਮ.ਜੇ. ਅਕਬਰ ਖ਼ਿਲਾਫ਼ ਅੱਜ ਪ੍ਰਦਰਸ਼ਨ ਕੀਤਾ ਗਿਆ ਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ। ਇੰਡੀਅਨ ਯੂਥ ਕਾਂਗਰਸ ਤੇ ਦਿੱਲੀ ਯੂਥ ਕਾਂਗਰਸ ਦੇ ਵਰਕਰ ਵਿਦੇਸ਼ ਰਾਜ ਮੰਤਰੀ ਦੇ ਘਰ ਦੇ ਨੇੜੇ ਇਕੱਤਰ ਹੋਏ ਅਤੇ ਉਨ੍ਹਾਂ ਅਕਬਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੰਡੀਅਨ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਭਾਜਪਾ ਸਰਕਾਰ ਜਨ ਵਿਰੋਧੀ ਹੈ ਅਤੇ ਉਸ ਦੇ ਆਗੂ ਮਹਿਲਾ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ਸਿਰਫ਼ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਅਰੇ ਲਗਾਉਂਦੇ ਹਨ, ਉਸ ’ਤੇ ਅਮਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅਕਬਰ ਖ਼ਿਲਾਫ਼ ਕਈ ਔਰਤਾਂ ਨੇ ਦੋਸ਼ ਲਗਾਏ ਹਨ, ਇਸ ਵਾਸਤੇ ਕੇਂਦਰੀ ਰਾਜ ਮੰਤਰੀ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਦੌਰਾਨ ਮੁਜ਼ਾਹਰਕਾਰੀਆਂ ਦੀ ਪੁਲੀਸ ਨਾਲ ਹੱਥੋਪਾਈ ਵੀ ਹੋਈ। ਜ਼ਿਕਰਯੋਗ ਹੈ ਕਿ ਕਈ ਮਹਿਲਾ ਪੱਤਰਕਾਰਾਂ ਨੇ ‘ਮੀ ਟੂ’ ਮੁਹਿੰਮ ਤਹਿਤ ਅਕਬਰ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਕੇਂਦਰੀ ਰਾਜ ਮੰਤਰੀ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਲੋਕ ਸਭ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।