ਜ਼ੀਰਕਪੁਰ ਵਿੱਚ ਬੱਚਿਆਂ ਦੀ ਮਾਮੂਲੀ ਲੜਾਈ ਨੇ ਧਾਰਿਆ ਖੂਨੀ ਰੂਪ

16

October

2018

ਜ਼ੀਰਕਪੁਰ, ਇਥੇ ਭਬਾਤ ਖੇਤਰ ’ਚ ਸਥਿਤ ਵਿਕਟੋਰੀਆ ਸਿਟੀ ’ਚ ਲੰਘੀ ਰਾਤ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋ ਬੱਚਿਆਂ ਦੀ ਆਪਸੀ ਮਾਮੂਲੀ ਲੜਾਈ ਨੇ ਖੂਨੀ ਰੂਪ ਧਾਰ ਲਿਆ। ਮਾਮਲੇ ਨੇ ਪੁਲੀਸ ਨੂੰ ਵੀ ਭਾਜੜਾਂ ਪਾ ਦਿੱਤੀਆਂ ਜਦੋਂ ਹਿੰਦੂ ਮੁਸਲਿਮ ਨਾਲ ਜੋੜ ਕੇ ਮਾਮਲੇ ਨੂੰ ਤੂਲ ਦੇਣ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਉਮੇਸ਼ ਕੁਮਾਰ ਵਾਸੀ ਜਰਨੈਲ ਐਨਕਲੇਵ ਫੇਜ਼ 2 ਭਬਾਤ ਨੇ ਦੱਸਿਆ ਕਿ ਉਹ ਲੰਘੀ ਸ਼ਾਮ ਤਕਰੀਬਨ ਸਾਢੇ ਛੇ ਵਜੇ ਆਪਣੇ ਦੋਸਤ ਸੰਜੇ ਕੁਮਾਰ ਗਿਰੀ ਵਾਸੀ ਮਕਾਨ ਨੰ. 107 ਐਫ ਵਿਕਟੋਰੀਆ ਸਿਟੀ ਭਬਾਤ ਨੂੰ ਮਿਲਣ ਉਸਦੇ ਘਰ ਗਿਆ ਸੀ। ਇਸ ਦੌਰਾਨ ਸੰਜੇ ਦੇ ਲੜਕੇ ਦਾ ਉਸਦੇ ਗੁਆਂਢੀ ਰੇਹਾਨ (20) ਨਾਲ ਝਗੜਾ ਹੋ ਗਿਆ। ਉਸ ਵੱਲੋਂ ਸੰਜੇ ਦੇ 17 ਸਾਲਾ ਲੜਕੇ ਸੁਜੀਤ ਨੂੰ ਕਥਿਤ ਥੱਪੜ ਮਾਰ ਦਿੱਤਾ। ਬੱਚੇ ਨੇ ਰੌਂਦੇ ਹੋਏ ਇਸ ਸਬੰਧੀ ਆਪਣੇ ਪਿਤਾ ਨੂੰ ਦੱਸਿਆ ਜਿਸ ’ਤੇ ਸੰਜੇ ਨੇ ਰੇਹਾਨ ਦੀ ਝਾੜ ਝੰਬ ਕੀਤੀ। ਰੇਹਾਨ ਗੁੱਸੇ ’ਚ ਸ਼ਾਮ ਸੱਤ ਵਜੇ 20 ਤੋਂ 25 ਅਣਪਛਾਤੇ ਸਾਥੀਆਂ ਨਾਲ ਜੋ ਤਲਵਾਰਾਂ, ਡੰਡੇ, ਲੋਹੇ ਦੀਆਂ ਰਾਡਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਸੰਜੈ ਤੇ ਹੋਰਾਂ ’ਤੇ ਹਮਲਾ ਬੋਲ ਦਿੱਤਾ। ਸੰਜੇ ਦੀ ਮਾਰਕੁੱਟ ਹੁੰਦੀ ਦੇਖ ਸ਼ਿਕਾਇਤਕਰਤਾ ਉਮੇਸ਼, ਸੰਜੇ ਦੀ ਪਤਨੀ ਸੀਤਾ ਦੇਵੀ, ਉਸਦਾ ਲੜਕਾ ਸੁਜੀਤ, ਮੌਕੇ ਤੇ ਮੌਜੂਦ ਰਾਹੁਲ ਤੇ ਅਨੁਜ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਵੀ ਤਲਵਾਰਾਂ ਨਾਲ ਹਮਲਾ ਕੀਤਾ। ਇਸ ਝਗੜੇ ’ਚ ਸੰਜੈ, ਸ਼ਿਕਾਇਤਕਰਤਾ ਉਮੇਸ਼, ਉਸਦਾ ਲੜਕਾ ਸੁਜੀਤ ਤੇ ਉਸਦੀ ਪਤਨੀ ਸੀਤਾ ਦੇਵੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਾਇਆ ਗਿਆ। ਮਾਮਲੇ ਨੇ ਉਸ ਵੇਲੇ ਹਿੰਦੂ ਤੇ ਮੁਸਲਿਮ ਦਾ ਰੂਪ ਲੈ ਲਿਆ ਜਦੋਂ ਵਿਕਟੋਰੀਆ ਸਿਟੀ ’ਚ ਨਵਰਾਤਰਿਆਂ ਕਾਰਨ ਦੁਰਗਾ ਦੀ ਪੂਜਾ ਦੌਰਾਨ ਮੁਸਲਿਮਾਂ ਵੱਲੋਂ ਇਸ ਨੂੰ ਹਿੰਦੂਆਂ ’ਤੇ ਹਮਲਾ ਕਰਾਰ ਦਿੱਤਾ ਗਿਆ। ਮਾਹੌਲ ਖ਼ਰਾਬ ਹੁੰਦਾ ਦੇਖ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮੁਸ਼ਕਲ ਨਾਲ ਸਥਿਤੀ ਨੂੰ ਸੰਭਾਲਿਆ ਤੇ ਹਮਲਾਵਰ ਰੇਹਾਨ ਤੇ ਉਸਦੇ 20 ਤੋਂ 25 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।