ਅਰਨੇਟੂ ਜ਼ੋਨ ਤੋਂ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਜਾਣ ਦਾ ਮਾਮਲਾ ਭਖ਼ਿਆ

15

October

2018

ਪਾਤੜਾਂ, ਹਲਕਾ ਵਿਧਾਇਕ ਦੇ ਪੁੱਤਰ ਨੂੰ ਜ਼ਿਲ੍ਹਾ ਪਰਿਸ਼ਦ ਜ਼ੋਨ ਅਰਨੇਟੂ ਤੋਂ ਬਿਨਾਂ ਮੁਕਾਬਲੇ ਜੇਤੂ ਐਲਾਨੇ ਜਾਣ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਚੋਣ ਪ੍ਰਕਿਰਿਆ ਦੌਰਾਨ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਅਮਰੀਕ ਰਾਮ ਅਤੇ ਬਸਪਾ ਤੇ ‘ਆਪ’ ਦੇ ਸਾਂਝੇ ਉਮੀਦਵਾਰ ਸਤਵੀਰ ਸਿੰਘ ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ ਸਨ। ਸਤਵੀਰ ਸਿੰਘ ’ਤੇ ਪੰਚਾਇਤੀ ਜ਼ਮੀਨ ਉਤੇ ਨਾਜਾਇਜ਼ ਕਾਬਜ਼ ਹੋਣ ਦੇ ਦੋਸ਼ ਲੱਗੇ ਸਨ। ਅਕਾਲੀ ਦਲ ਦੇ ਉਮੀਦਵਾਰ ਅਮਰੀਕ ਰਾਮ ਨੇ ਕਥਿਤ ਧੱਕੇਸ਼ਾਹੀ ਵਿਰੁੱਧ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਦੀ ਅਗਵਾਈ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਪਾ ਦਿੱਤਾ ਹੈ। ਦੂਜੇ ਪਾਸੇ ਅੱਜ ਬਸਪਾ ਤੇ ‘ਆਪ’ ਦੇ ਸਾਂਝੇ ਉਮੀਦਵਾਰ ਸਤਵੀਰ ਸਿੰਘ ਨੇ ਸਾਥੀਆਂ ਸਮੇਤ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ’ਤੇ ਪ੍ਰਸ਼ਾਸਨ ਨਾਲ ਮਿਲ ਕੇ ਬੇਨਿਯਮੀਆਂ ਦੇ ਦੋਸ਼ ਲਾਏ ਹਨ। ਆਮ ਆਦਮੀ ਪਾਰਟੀ ਦੇ ਆਗੂ ਜਰਨੈਲ ਸਿੰਘ, ਬਸਪਾ ਦੇ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਮੋਤੀ ਲਾਲ ਛਾਛੀਆ, ਬਸਪਾ ਆਗੂ ਗੁਰਮੇਲ ਸਿੰਘ ਘੱਗਾ, ਹਲਕਾ ਸ਼ੁਤਰਾਣਾ ਤੋਂ ਬਸਪਾ ਮੁਖੀ ਰੁਲਦੂ ਸਿੰਘ ਕਕਰਾਲਾ, ਕੁਲਦੀਪ ਸਿੰਘ ਥਿੰਦ ਨੇ ਦੱਸਿਆ ਕਿ ਬਸਪਾ ਤੇ ‘ਆਪ’ ਵੱਲੋਂ ਸਤਵੀਰ ਸਿੰਘ ਨੂੰ ਸਾਂਝਾ ਉਮੀਦਵਾਰ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਦੌਰਾਨ ਸਤਵੀਰ ਸਿੰਘ ਨੂੰ ਪੰਚਾਇਤੀ ਜ਼ਮੀਨ ਉਤੇ ਨਾਜਾਇਜ਼ ਕਾਬਜ਼ ਦੱਸਕੇ ਉਸ ਦੇ ਕਾਗਜ਼ ਰੱਦ ਕੀਤੇ ਗਏ ਸਨ। ਉਨ੍ਹਾਂ ਵੱਲੋਂ ਚੋਣ ਕਮਿਸ਼ਨਰ ਨੂੰ ਦਿੱਤੀ ਗਈ ਦਰਖਾਸਤ ਉਤੇ ਪੜਤਾਲ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਤਵੀਰ ਸਿੰਘ ਨੂੰ ਜ਼ਮੀਨ ਦਾ ਨਾਜਾਇਜ਼ ਕਾਬਜ਼ਕਾਰ ਦੱਸਣ ਵਾਲਾ ਮਾਲ ਵਿਭਾਗ ਉਸ ਨੂੰ ਦੋਸ਼-ਮੁਕਤ ਕਰਾਰ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਲਈ ਐੱਨਓਸੀ ਬੀਡੀਪੀਓ ਪਾਤੜਾਂ ਨੇ ਦਿੱਤੀ, ਜਿਸ ਦੇ ਆਧਾਰ ਉਤੇ ਕਾਗ਼ਜ਼ ਦਾਖ਼ਲ ਕੀਤੇ ਗਏ ਸਨ। 8 ਸਤੰਬਰ ਨੂੰ ਸਤਵੀਰ ਸਿੰਘ ਉਤੇ ਪੰਚਾਇਤੀ ਜ਼ਮੀਨ ਉਤੇ ਕਾਬਜ਼ ਹੋਣ ਦੇ ਦੋਸ਼ਾਂ ਸਬੰਧੀ ਐੱਨਓਸੀ ਰੱਦ ਕੀਤੇ ਜਾਣ ਉਤੇ ਰਿਟਰਨਿੰਗ ਅਫ਼ਸਰ ਗੁਰਪ੍ਰੀਤ ਸਿੰਘ ਥਿੰਦ ਨੇ ਸਤਵੀਰ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਸਨ। ਤਹਿਸੀਲਦਾਰ ਹਰਜੀਤ ਸਿੰਘ ਦੱਸਿਆ ਹੈ ਕਿ ਹਲਕਾ ਪਟਵਾਰੀ ਨੇ ਰਿਪੋਰਟ ਕੀਤੀ ਕਿ ਸਤਵੀਰ ਸਿੰਘ ਦੇ ਨਾਂ ’ਤੇ ਪੰਚਾਇਤੀ ਜ਼ਮੀਨ ਦੀ ਕੋਈ ਗਿਰਦਾਵਰੀ ਨਹੀਂ। ਪਟਵਾਰੀ ਵੱਲੋਂ ਕੀਤੀ ਗਈ ਤਾਜ਼ਾ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਲਈ ਮਾਮਲਾ ਬੀਡੀਓ ਪਾਤੜਾਂ ਨੂੰ ਭੇਜ ਦਿੱਤਾ ਗਿਆ ਹੈ। ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਪਾਲਿਕਾ ਅਰੋੜਾ ਕਿਹਾ ਕਿ ਇਸ ਦੀ ਰਿਪੋਰਟ ਲੈ ਕੇ ਛੇਤੀ ਹੀ ਗ਼ਲਤ ਰਿਪੋਰਟ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ਼ ਕਰਵਾਈ ਕੀਤੀ ਜਾਵੇਗੀ।