ਆਨਲਾਈਨ ਵਿਕਰੀ, ਖਰੀਦਦਾਰੀ ਲਈ ਜੈਮ ਪੋਰਟਲ ਸ਼ੁਰੂ

13

October

2018

ਲੁਧਿਆਣਾ, ਮਨਿਸਟਰੀ ਆਫ ਕਾਮਰਸ ਵੱਲੋਂ ਆਨਲਾਈਨ ਵਿਕਰੀ ਤੇ ਖਰੀਦਦਾਰੀ ਨੂੰ ਵਧਾਉਣ ਦੇਣ ਲਈ ‘ਗਵਰਨਮੈਂਟ ਈ ਮਾਰਕੀਟ ਪਲੇਸ’ (ਜੈਮ) ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ’ਤੇ ਆਪ’-ਆਪਣੇ ਵਿਭਾਗਾਂ ਤੇ ਅਦਾਰਿਆਂ ਨੂੰ ਰਜਿਸਟਰਡ ਕਰਨ ਲਈ ਅੱਜ ਜ਼ਿਲ੍ਹੇ ਦੇ ਸਰਕਾਰੀ ਵਿਭਾਗਾਂ ਤੇ ਉਦਯੋਗਪਤੀਆਂ ਨੂੰ ਬਚਤ ਭਵਨ ਵਿੱਚ ਸਿਖਲਾਈ ਦਿੱਤੀ ਗਈ। ਇਸ ਟਰੇਨਿੰਗ-ਕਮ-ਜਾਗਰੂਕਤਾ ਸੈਮੀਨਾਰ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤੀ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਰਕਾਰੀ ਵਿਭਾਗਾਂ ਵੱਲੋਂ ਲੋਂੜੀਦੇ ਸਾਮਾਨ ਦੀ ਖਰੀਦਦਾਰੀ ਰਜਿਸਟਰਡ ਗਵਰਨਮੈਂਟ ਸਪਲਾਇਰਜ਼ ਤੋਂ ਕੀਤੀ ਜਾਂਦੀ ਸੀ, ਜਿਸ ਦੀਆਂ ਕੀਮਤਾਂ ਸਾਲ ਜਾਂ ਦੋ ਸਾਲ ਲਈ ਫਿਕਸ ਹੁੰਦੀਆਂ ਸਨ। ਇਸ ਨਾਲ ਕਈ ਵਾਰ ਵਸਤੂਆਂ ਮਾਰਕੀਟ ਨਾਲੋਂ ਮਹਿੰਗੇ ਭਾਅ ’ਤੇ ਮਿਲਦੀਆਂ ਸਨ। ਇਸ ਪੋਰਟਲ ਰਾਹੀਂ ਖਰੀਦ ਕਰਨ ’ਤੇ ਜਿੱਥੇ ਪਾਰਦਸ਼ਤਾ ਬਣੀ ਰਹਿੰਦੀ ਹੈ, ਉਥੇ ਘੱਟ ਕੀਮਤ ’ਤੇ ਮਿਆਰੀ ਵਸਤੂਆਂ ਖਰੀਦ ਕੀਤੀਆਂ ਜਾ ਸਕਦੀਆਂ ਹਨ ਅਤੇ ਸਰਕਾਰ ਦੇ ਖਰਚਿਆਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ। ਇਸ ਦਾ ਲਾਭ ਇਕੱਲੇ ਖਰੀਦਦਾਰ ਨੂੰ ਹੀ ਨਹੀਂ, ਸਗੋਂ ਉਤਪਾਦ ਵੇਚਣ ਵਾਲੇ ਅਦਾਰਿਆਂ ਨੂੰ ਵੀ ਹੈ। ਸੀ.ਈ.ਓ. ਜੈਮ ਅਖਿਲੇਸ਼ ਕੁਮਾਰ ਨੇ ਦੱਸਿਆ ਕਿ ਇਸ ਪੋਰਟਲ ’ਤੇ ਹੁਣ ਤੱਕ 5 ਲੱਖ 46 ਹਜ਼ਾਰ ਤੋਂ ਵੱਧ ਤਰ੍ਹਾਂ ਦੇ ਪ੍ਰੋਡਕਟ ਰਜਿਸਟਰਡ ਹਨ ਅਤੇ ਇਹ ਸਾਰਾ ਸਿਸਟਮ ਪੇਪਰ ਮੁਕਤ, ਪਾਰਦਰਸ਼ੀ, ਸਮਾਂਬੱਧ ਅਤੇ ਗਰੇਡਿੰਗ ਸਿਸਟਮ ਤੇ ਆਧੁਨਿਕ ਤਕਨੀਕਯੁਕਤ ਹੈ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਦੀਆਂ ਸ਼ਰਤਾਂ ਮੁਤਾਬਕ ਹਰੇਕ ਅਦਾਰੇ ਨੂੰ ਉਤਪਾਦ ਦੀ ਐੱਮ.ਆਰ.ਪੀ. ’ਤੇ 10 ਫ਼ੀਸਦੀ ਡਿਸਕਾਊਂਟ ਦੇਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਇਸ ਤੋਂ ਉੱਪਰ ਰਿਆਇਤ ਦੇਣੀ ਹਰ ਅਦਾਰੇ ਦੀ ਮਰਜ਼ੀ ’ਤੇ ਨਿਰਭਰ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਅਮਰਿੰਦਰ ਸਿੰਘ ਮੱਲ੍ਹੀ, ਜੀ.ਐੱਮ. ਇੰਡਸਟਰੀ ਮਹੇਸ਼ ਖੰਨਾ ਹਾਜ਼ਰ ਸਨ।