ਲੁਧਿਆਣਾ ਵਿੱਚ ‘ਖਾਕੀ’ ਤੋਂ ਬੇਖੌਫ਼ ਹੋਏ ਲੁਟੇਰੇ ਤੇ ਬਦਮਾਸ਼

13

October

2018

ਲੁਧਿਆਣਾ, ਮਾਨਚੈਸਟਰ ਆਫ਼ ਇੰਡੀਆ ਦੇ ਨਾਂ ਨਾਲ ਜਾਣ ਜਾਂਦੇ ਲੁਧਿਆਣਾ ਵਿੱਚ ਹੁਣ ਲੁਟੇਰਿਆਂ ਤੇ ਬਦਮਾਸ਼ਾਂ ਦਾ ਬੋਲਬਾਲਾ ਹੈ। ਇਹ ਲੁਟੇਰੇ ਤੇ ਬਦਮਾਸ਼ ‘ਖਾਕੀ’ ਤੋਂ ਬੇਖੌਫ਼ ਹੋ ਗਏ ਹਨ। ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਲੁੱਟ, ਚੋਰੀ ਤੇ ਕਤਲ ਦੀਆਂ ਵਾਰਦਾਤਾਂ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਸ਼ਹਿਰ ਵਿੱਚ ਯੂਪੀ, ਬਿਹਾਰ ਤੇ ਮਹਾਰਾਸ਼ਟਰ ਵਾਂਗ ਸੁਪਾਰੀ ਦੇ ਕੇ ਕਤਲ ਹੋ ਰਹੇ ਹਨ। ਪੁਲੀਸ ਕੁਝ ਵਾਰਦਾਤਾਂ ਨੂੰ ਹੱਲ ਕਰ ਕੇ ਆਪਣੀ ਪਿੱਠ ਥਾਪੜ ਰਹੀ ਹੈ ਪਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਪੁਲੀਸ ਦੇ ਨੱਕ ਥੱਲਿਓਂ ਦੁਬਾਰਾ ਵਾਰਦਾਤ ਕਰ ਫ਼ਰਾਰ ਹੋ ਰਹੇ ਹਨ। ਇਨ੍ਹਾਂ ਬਦਮਾਸ਼ਾਂ ਤੇ ਲੁਟੇਰਿਆਂ ਨੇ ਪੁਲੀਸ ਦੀ ਨੀਂਦ ਉਡਾਈ ਹੋਈ ਹੈ। ਇਸ ਸਮੇਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਵਾਰਦਾਤਾਂ ਕਾਰਨ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਵਪਾਰੀ ਵੀ ਸ਼ਹਿਰ ਵਿੱਚ ਨਹੀਂ ਆ ਰਹੇ। ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਵਾਰਦਾਤਾਂ 10 ਸਤੰਬਰ ਨੂੰ ਦੁੱਗਰੀ ਦੇ ਨਿਰਮਲ ਨਗਰ ’ਚ ਬ੍ਰਿਟਾਨੀਆ ਦੇ ਡਿਸਟ੍ਰੀਬਿਊਟਰ ਦੇ ਲੜਕੇ ਨੂੰ ਗੋਲੀ ਮਾਰ ਸਾਢੇ 4 ਲੱਖ ਰੁਪਏ ਲੁੱਟੇ। 20 ਸਤੰਬਰ ਨੂੰ ਭਾਮੀਆਂ ਕਲਾਂ ਵਿੱਚ ਦੋਸਤ ਦੀ ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ਵਾਲੇ ਨੌਜਵਾਨ ਦਾ ਕਤਲ। 27 ਸਤੰਬਰ ਨੂੰ ਮਾਡਲ ਟਾਊਨ ਕ੍ਰਿਸ਼ਨਾ ਹਸਪਤਾਲ ਦੇ ਅੰਦਰੋਂ 1.10 ਲੱਖ ਰੁਪਏ ਲੁੱਟੇ। 29 ਸਤੰਬਰ ਨੂੰ ਪੁਲੀਸ ਵਾਲੇ ਬਣ ਕੇ ਬਹਾਰੀ ਸੂਬਿਆਂ ਵਿੱਚੋਂ ਆਏ ਕਾਰੋਬਾਰੀਆਂ ਤੋਂ 5.20 ਲੱਖ ਦੀ ਲੁੱਟ। 1 ਅਕਤੂਬਰ ਨੂੰ ਇੱਕ ਹੀ ਰਾਤ ਸ਼ਹਿਰ ਵਿੱਚ 8 ਥਾਵਾਂ ’ਤੇ ਚੋਰੀਆਂ ਹੋਈਆਂ। 2 ਅਕਤੂਬਰ ਨੂੰ ਬਿਹਾਰ ਦੇ ਕਾਰੋਬਾਰੀ ਤੋਂ ਪੁਲੀਸ ਵਾਲੇ ਬਣ ਕੇ 60 ਹਜ਼ਾਰ ਰੁਪਏ ਲੁੱਟੇ। 5 ਅਕਤੂਬਰ ਨੂੰ ਪਿੰਡ ਲਲਤੋਂ ਨੇੜੇ ਅਕਾਲੀ ਨੇਤਾ ਨੂੰ ਗੋਲੀਆਂ ਮਾਰੀਆਂ। 8 ਅਕਤੂਬਰ ਨੂੰ ਡੀਐੱਮਸੀ ਹਸਪਤਾਲ ਦੇ ਬਾਹਰ ਪੁਲੀਸ ਕਰਮੀ ਨੂੰ ਗੋਲੀ ਮਾਰੀ। 9 ਅਕਤੂੂਬਰ ਨੂੰ ਐਮੇਜ਼ਨ ਕੰਪਨੀ ਦੇ ਮੁਲਾਜ਼ਮਾਂ ਕੋਲੋਂ 10.80 ਹਜ਼ਾਰ ਦੀ ਲੁੱਟ। (ਇਹ ਕੇਸ ਸੁਲਝਾ ਲਿਆ ਗਿਆ ਹੈ।) 10 ਅਕਤੂਬਰ ਨੂੰ ਗਿੱਲ ਰੋਡ ’ਤੇ ਵਿਅਕਤੀ ਤੋਂ 4.80 ਲੱਖ ਦੀ ਲੁੱਟ 11 ਅਕਤੂਬਰ ਨੂੰ ਦੁੱਗਰੀ ਵਿੱਚ ਆਰਕੀਟੈਕਟ ਦਾ ਕਤਲ। (ਇਹ ਕੇਸ ਸੁਲਝਾ ਲਿਆ ਗਿਆ ਹੈ।)