ਫਾਊਂਡਰ ਡਾਇਰੈਕਟਰ ’ਤੇ ਸਰੀਰਕ ਸ਼ੋਸ਼ਣ ਦੇ ਦੋਸ਼

13

October

2018

ਚੰਡੀਗੜ੍ਹ, ਦੇਸ਼ ਭਰ ਵਿੱਚ ਚੱਲ ਰਹੀ ‘ਮੀ ਟੂ’ ਲਹਿਰ ਤਹਿਤ ਇਥੋਂ ਦੇ ਸੈਕਟਰ-45 ਸਥਿਤ ਸੇਂਟ ਸਟੀਫਨਜ਼ ਸਕੂਲ ਦੇ ਸਾਬਕਾ ਵਿਦਿਆਰਥੀ ਸੰਜੇ ਆਸਟਾ ਨੇ ਸਕੂਲ ਦੇ ਫਾਊਂਡਰ ਡਾਇਰੈਕਟਰ ਹੈਰਲਡ ਕਾਰਵਰ ’ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਉਸ ਆਪਣੇ ਬਲੌਗ ਵਿੱਚ ਕਿਹਾ ਕਿ ਕਾਰਵਰ ਨੇ ਸਕੂਲ ਦੇ ਕਈ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ। ਜਦੋਂ ਬੱਚਿਆਂ ਨੇ ਇਸ ਮਾਮਲੇ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਬੱਚਿਆਂ ’ਤੇ ਝੂਠ ਬੋਲਣ ਦਾ ਦੋਸ਼ ਲਗਾਇਆ। ਇਸ ਸਬੰਧ ਵਿੱਚ ਕਾਰਵਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਸੀ, ਪਰ ਕਾਰਵਰ ਵੱਲੋਂ ਬੱਚਿਆਂ ’ਤੇ ਦਬਾਅ ਬਣਾਇਆ ਗਿਆ, ਜਿਸ ਮਗਰੋਂ ਪੀੜਤਾਂ ਨੇ ਪੁਲੀਸ ਅੱਗੇ ਕਾਰਵਰ ਦੇ ਹੱਕ ਵਿੱਚ ਬਿਆਨ ਦਿੱਤਾ। ਇਸ ਮਗਰੋਂ ਕਾਰਵਰ ਨੂੰ ਪੁਲੀਸ ਨੇ ਰਿਹਾਅ ਕਰ ਦਿੱਤਾ ਅਤੇ ਸਕੂਲ ਪ੍ਰਬੰਧਕਾਂ ਨੇ ਉਸ ਨੂੰ ਫਾਊਂਡਰ ਡਾਇਰੈਕਟਰ ਦੇ ਅਹੁਦੇ ’ਤੇ ਬਹਾਲ ਕਰ ਦਿੱਤਾ। ਆਸਟਾ ਨੇ ਦੋਸ਼ ਲਗਾਇਆ ਕਿ ਕਾਰਵਰ ਨੇ ਉਸ ਨਾਲ ਵੀ ਸਰੀਰਕ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਕਿਹਾ ਕਿ ਕਾਰਵਰ ਨੇ ਉਸ ਨੂੰ ਇੱਕ ਕਮਰੇ ਵਿੱਚ ਲਿਜਾ ਕੇ ਇਤਰਾਜ਼ਯੋਗ ਹਰਕਤਾਂ ਕੀਤੀਆਂ ਸਨ। ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਆਸਟਾ ਨੇ ਕਿਹਾ, ‘‘ਮੈਨੂੰ ਅਫ਼ਸੋਸ ਹੈ ਕਿ ਮੈਂ ਸਮੇਂ ਸਿਰ ਇਸ ਸਰੀਰਕ ਸ਼ੋਸ਼ਣ ਦਾ ਖੁਲਾਸਾ ਨਹੀਂ ਕੀਤਾ ਅਤੇ ਦੇਸ਼ ਭਰ ਵਿੱਚ ਚੱਲ ਰਹੀ ‘ਮੀ ਟੂ’ ਲਹਿਰ ਤਹਿਤ ਮੇਰਾ ਹੌਸਲਾ ਬੁਲੰਦ ਹੋਇਆ ਹੈ।’’